ਪਤੰਗ ਦੇ ਭਾਰ ਨਾਲ ਤਕੜੀ ਦਾ ਪਲੜਾ ਭਾਰੀ ਕਰਨ ਦੇ ਯਤਨ

February 20, 2012No Comments

  •  

    ਗੁਰਭੇਜ ਸਿੰਘ ਚੌਹਾਨ

    ਸੰਪਾਦਕ ਰਾਜਨੀਤਕ ਮਾਮਲੇ


    98143 06545

    ਪੰਜਾਬ ਦੀਆਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਮਾਰਚ ਦੇ ਪਹਿਲੇ ਹਫਤੇ ਐਲਾਨੇ ਜਾਣੇ ਹਨ ਅਤੇ ਇਸਦੇ ਨਾਲ ਹੀ ਨਵੀਂ ਸਰਕਾਰ ਦਾ ਗਠਨ ਹੋ ਜਾਣਾ ਹੈ। ਆਪੋ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਦੋਹਾਂ ਹੀ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਵੱਲੋਂ ਕੀਤੇ ਜਾ ਰਹੇ ਹਨ। ਪਰ ਅਕਾਲੀ ਦਲ ਬਾਦਲ ਨਾਲੋਂ ਲੋਕਾਂ ਵਿਚ ਭਾਰੂ ਵਧੇਰੇ ਰਾਇ ਇਹ ਨਤੀਜੇ ਕਾਂਗਰਸ ਦੇ ਹੱਕ ਵਿਚ ਜਾਣ ਦੀ ਹੈ। ਇਸਦੇ ਕਈ ਕਾਰਨ ਹਨ। 
    ਪਹਿਲਾ ਤਾਂ ਇਹ ਕਿ ਪੰਜਾਬ ਵਿਚ 5 ਸਾਲ ਤੋਂ ਵੱਧ ਕੋਈ ਵੀ ਸਰਕਾਰ ਦੁਬਾਰਾ ਅੱਜ ਤੱਕ ਨਹੀਂ ਬਣੀ। ਦੂਸਰਾ ਅਕਾਲੀ ਦਲ ਦੀ ਸਰਕਾਰ ਵਿਚ ਵਧੇ ਜੁਰਮ, ਗੁੰਡਾਗਰਦੀ, ਪੁਲਿਸ ਪ੍ਰਸ਼ਾਸ਼ਨ ਦੀ ਦੁਰਵਰਤੋਂ, ਮੁਲਾਜ਼ਮਾਂ ਨਾਲ ਦੁਰਵਿਵਹਾਰ, ਕਿਸਾਨੀ ਦਾ ਨਾਂ ਖੁਸ਼ ਹੋਣਾ, ਬੇ ਹੱਦ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਵਿਕਾਸ ਦੀ ਬਜਾਏ ਇਸ ਸਰਕਾਰ ਵੱਲੋਂ ਕੀਤਾ ਨਿੱਜੀ ਵਿਕਾਸ , ਅਜਿਹੇ ਕੁੱਝ ਕਾਰਨ ਹਨ ਜੋ ਇਸ ਸਰਕਾਰ ਦੇ ਦੁਬਾਰਾ ਆਉਣ ਦੀ ਉਮੀਦ ਤੇ ਪ੍ਰਸ਼ਨ ਚਿੰਨ ਹਨ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਿਛਲੇ ਪੰਜ ਸਾਲ ਚੱਲੀ ਕਾਂਗਰਸ ਸਰਕਾਰ ਦੇ ਨਤੀਜੇ ਸਾਰਥਿਕ ਰਹਿਣ ਕਾਰਨ ਲੋਕ ਉਨਾਂ ਨੂੰ ਦੁਬਾਰਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ ਅਤੇ ਉਨਾਂ ਤੋਂ ਕਈ ਚੰਗੀਆਂ ਆਸਾਂ ਰੱਖਦੇ ਹਨ। ਭਾਵੇਂ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੇ ਕਾਂਗਰਸ ਦੀ ਨਿੰਦਿਆ ਕਰਨ ਤੇ ਪੂਰਾ ਤਾਣ ਲਾਇਆ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕਾਂਗਰਸ ਕਰਕੇ ਨਹੀਂ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਤਰਜੀਹ ਦਿੰਦੇ ਹਨ। ਉਨਾਂ ਦੀ ਸ਼ਖਸ਼ੀਅਤ ਦਾ ਅਕਸ ਲੋਕ ਮਨਾ ਵਿਚ ਕਾਂਗਰਸ ਤੋਂ ਉੱਪਰ ਉਠਕੇ ਹੈ। ਪਿਛਲੇ ਪੰਜ ਸਾਲਾਂ ਵਿਚ ਜਿਸ ਵਧੀਆ ਢੰਗ ਨਾਲ ਉਨਾਂ ਨੇ ਪ੍ਰਸ਼ਾਸ਼ਨ ਚਲਾਇਆ ਉਹ ਆਪਣੀ ਮਿਸਾਲ ਆਪ ਹੈ। ਲੋਕਾਂ ਦੇ ਮਨਾ ਦੇ ਵਿਚਾਰ ਵਿਚ ਭਾਵੇਂ ਆਉਣ ਵਾਲੀ ਸਰਕਾਰ,  ਕਾਂਗਰਸ ਸਰਕਾਰ ਹੋਵੇਗੀ ਪਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਹੈ ਕਿ ਇਸ ਵਾਰੀ ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ ਅਤੇ ਸਰਕਾਰ ਬਣਾਉਣ ਲਈ ਬਾਹਰੀ ਮਦਦ ਲੈਣੀ ਪਵੇਗੀ। ਸ: ਬਾਦਲ ਸਮੇਤ ਸੁਖਬੀਰ ਸਿੰਘ ਬਾਦਲ ਭਾਵੇਂ ਵਿਦੇਸ਼ ਚਲੇ ਗਏ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਉਹ ਅਜਿਹੇ ਜੋੜ ਤੋੜ ਕਰਨ ਲਈ ਸ: ਬਿਕਰਮ ਸਿੰਘ ਮਜੀਠੀਆ ਦੀ ਜਿੰਮੇਂਵਾਰੀ ਲਗਾ ਗਏ ਹਨ ਕਿ ਉਹ ਆਜ਼ਾਦ ਉਮੀਦਵਾਰਾਂ ਅਤੇ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨਾਲ ਸੰਪਰਕ ਕਰੇ। ਸਿਆਣਿਆਂ ਨੇ ਕਿਹਾ ਹੈ ਕਿ, ਫਾਨਾ ਉੱਥੇ ਹੀ ਠੋਕਿਆ ਜਾਂਦਾ ਹੈ , ਜਿੱਥੇ ਤਰੇੜ ਹੋਵੇ। ਰਾਜਨੀਤਕ ਵਿਸ਼ਲੇਸ਼ਕ ਪਹਿਲਾਂ ਤੋਂ ਹੀ ਇਹ ਭਵਿੱਖਬਾਣੀ ਕਰ ਰਹੇ ਹਨ ਕਿ ਮਨਪ੍ਰੀਤ ਬਾਦਲ ਆਪਣੇ ਤਾਇਆ ਜੀ ਨਾਲ ਰਲਕੇ ਮੈਚ ਖੇਡ ਰਿਹਾ ਹੈ। ਜੇਕਰ ਮਨਪ੍ਰੀਤ ਬਾਦਲ ਅਜਿਹਾ ਕਦਮ ਚੁੱਕ ਲੈਂਦੇ ਹਨ ਅਤੇ ਪਤੰਗ ਦੇ ਭਾਰ ਨਾਲ ਤੱਕੜੀ ਦਾ ਪਲੜਾ ਭਾਰੀ ਕਰਨ  ਵਿਚ ਸਹਿਯੋਗ ਦਿੰਦੇ ਹਨ ਤਾਂ ਫਿਰ ਉਨਾਂ ਦੇ ਨਿਜ਼ਾਮ ਦਾ ਕੀ ਬਣੇਗਾ। ਕਿੱਧਰ ਜਾਏਗੀ ਭਗਤ ਸਿੰਘ ਦੀ ਸੋਚ, ਇੱਥੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਸੋਚ ਹੀ ਚੱਲੇਗੀ। ਮਨਪ੍ਰੀਤ ਸਿੰਘ ਬਾਦਲ ਫਿਰ ਲੋਕਾਂ ਵਿਚ ਕਿਹੜਾ ਮੂੰਹ ਲੈ ਕੇ ਜਾਣਗੇ, ਲੋਕ ਉਨਾਂ ਨੂੰ ਜੋ ਸਵਾਲ ਕਰਨਗੇ , ਉਸਦਾ ਉਹ ਕੀ ਉੱਤਰ ਦੇਣਗੇ। ਅਸੀਂ ਤਾਂ ਇਹ ਪਹਿਲਾਂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਲੋਕੋ ਇਹ ਰਾਜਨੀਤਕ ਖੇਡ ਹੈ, ਜੇਕਰ ਇਹ ਖੇਡ ਇਸ ਤਰਾਂ ਹੀ ਖੇਡੀ ਗਈ ਤਾਂ ਅਸੀਂ ਆਪਣਾ ਇਸ ਬਾਰੇ ਸਮੇਂ ਤੋਂ ਪਹਿਲਾਂ ਲਿਖਿਆ ਵੀ ਦੁਬਾਰਾ ਜਰੂਰ ਰੂ ਬ ਰੂ ਕਰਾਂਗੇ।

     

    • Share/Bookmark

    Comments are closed.