ਅੰਮ੍ਰਿਤਸਰ, ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਪੁਰਾਤਨ ਸਰੂਪ ਮਿਲਿਆ ਹੈ, ਜੋ ਕੁਝ ਵਿਅਕਤੀਆਂ ਵਲੋਂ 20 ਕਰੋੜ ਰੁਪਏ ਵਿਚ ਵੇਚਣ ਦੀ ਯੋਜਨਾ ਬਣਾਈ ਗਈ ਸੀ। ਇਸ ਪਾਵਨ ਸਰੂਪ ਨੂੰ ਦਿੱਲੀ ਕਮੇਟੀ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਵਿਖੇ ਮਾਣ ਸਨਮਾਨ ਨਾਲ ਰੱਖਿਆ ਹੈ।
ਇਸ ਪਾਵਨ ਸਰੂਪ ਨੂੰ ਵੇਚਣ ਦੇ ਦੋਸ਼ ਹੇਠ ਦਿੱਲੀ ਅਤੇ ਹਰਿਆਣਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ ਪ੍ਰਵੀਨ ਬੱਬਰ, ਸੰਤੋਸ਼ ਕੁਮਾਰ ਅਤੇ ਕਲਿਆਣ ਏਸ਼ਵਰ ਗੌਤਮ ਸ਼ਾਮਲ ਹਨ। ਇਹ ´ਮਵਾਰ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਹਨ। ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ 17 ਫਰਵਰੀ ਨੂੰ ਉਨ੍ਹਾਂ ਦੇ ਸਮਰਥਕਾਂ ਨੂੰ ਇਤਲਾਹ ਮਿਲੀ ਸੀ ਕਿ ਹਰਿਆਣਾ ਦੇ ਇਕ ਪਿੰਡ ਵਿਚ ਕੁਝ ਵਿਅਕਤੀਆਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੈ, ਜੋ ਉਸ ਨੂੰ ਵੱਡੀ ਕੀਮਤ ’ਤੇ ਵੇਚਣਾ ਚਾਹੁੰਦੇ ਹਨ। ਉਨ੍ਹਾਂ ਇਸ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਸਮਰਥਕਾਂ ਨੂੰ ਹਰਿਆਣਾ ਦੇ ਪਿੰਡ ’ਚ ਭੇਜ ਦਿੱਤਾ, ਜਿਨ੍ਹਾਂ ਇਸ ਪਾਵਨ ਸਰੂਪ ਦੀ ਅਤੇ ਵੇਚਣ ਵਾਲਿਆਂ ਦੀ ਫਿਲਮ ਬਣਾ ਲਈ। ਜਦੋਂ ਵੇਚਣ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਖਰੀਦਦਾਰ ਦਿੱਲੀ ਕਮੇਟੀ ਨਾਲ ਸਬੰਧਤ ਹਨ ਤਾਂ ਉਹ ਫਰਾਰ ਹੋ ਗਏ।
ਸ੍ਰੀ ਸਰਨਾ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਸੂਚਨਾ ਦਿੱਤੀ ਅਤੇ ਉਨ੍ਹਾਂ ਵਲੋਂ ਕੀਤੀ ਗਈ ਫੌਰੀ ਕਾਰਵਾਈ ਕਾਰਨ ਦੋ ਵਿਅਕਤੀ ਕਾਬੂ ਕਰ ਲਏ ਗਏ। ਬਾਅਦ ਵਿਚ ਤੀਜੇ ਵਿਅਕਤੀ ਨੂੰ ਦਿੱਲੀ ਪੁਲੀਸ ਨੇ ਇਕ ਹੋਟਲ ਵਿਚੋਂ ਕਾਬੂ ਕਰ ਲਿਆ, ਜਿਸ ਨੇ ਪਾਵਨ ਸਰੂਪ ਇਕ ਬੈਗ ਵਿਚ ਰੱਖਿਆ ਹੋਇਆ ਸੀ। ਪੁਲੀਸ ਨੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਇਹ ਪਾਵਨ ਸਰੂਪ ਦਿੱਲੀ ਕਮੇਟੀ ਨੂੰ ਸੌਂਪ ਦਿੱਤਾ ਹੈ, ਜਿਸ ਨੂੰ ਹੁਣ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਰੱਖਿਆ ਗਿਆ ਹੈ। ਦਿੱਲੀ ਕਮੇਟੀ ਵਲੋਂ ਇਸ ਦੀ ਪੁਰਾਤਨਤਾ ਦਾ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਸ੍ਰੀ ਸਰਨਾ ਨੇ ਦੱਸਿਆ ਕਿ ਇਹ ਪਾਵਨ ਸਰੂਪ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਲਗਦਾ ਹੈ ਅਤੇ ਇਹ ਹੱਥ ਲਿਖਤ ਬੀੜ ਹੈ। ਜਿਸ ਦੀ ਜਿਲਦ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ। ਪਾਵਨ ਸਰੂਪ ਦੇ ਅੰਗ ਵੀ ਠੀਕ ਹਾਲਤ ਵਿਚ ਹਨ। ਕਾਬੂ ਕੀਤੇ ਗਏ ਵਿਅਕਤੀਆਂ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਇਹ ਵਿਅਕਤੀ ਪੁਰਾਤਨ ਵਸਤਾਂ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਨ੍ਹਾਂ ਨੂੰ ਇਹ ਪਾਵਨ ਸਰੂਪ ਬਿਹਾਰ ਦੇ ਕਿਸੇ ਇਲਾਕੇ ਤੋਂ ਮਿਲਿਆ ਸੀ, ਜੋ ਇਹ 20 ਕਰੋੜ ਰੁਪਏ ਵਿਚ ਵੇਚਣ ਦੇ ਇੱਛੁਕ ਸਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਹਿਰਾਂ ਦੀ ਮਦਦ ਨਾਲ ਪਾਵਨ ਸਰੂਪ ਦੀ ਪੁਰਾਤਨਤਾ ਦਾ ਪਤਾ ਲਾ ਲਿਆ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ ਵੇਚਣ ਦੀ ਕੋਸ਼ਿਸ਼ ਕਰਦੇ ਕਾਬੂ
February 20, 2012No Comments

Comments are closed.