ਬਾਦਲ ਬਾਰੇ ਟਿਪਣੀਆਂ ਸੁਣ ਕੇ ‘ਜਥੇਦਾਰ’ ਬਿਨਾਂ ਸੰਦੇਸ਼ ਪੜ੍ਹਿਆਂ ਹੀ ਦੌੜ ਗਏ
February 12, 2012No Comments
ਫ਼ਤਿਹਗੜ੍ਹ ਸਾਹਿਬ, ਫ਼ਰਵਰੀ (ਸੁਰਜੀਤ ਸਿੰਘ ਸਾਹੀ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਾਹਮਣੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਮਨਾਏ ਜਾ ਰਹੇ 65ਵੇਂ ਜਨਮ ਦਿਹਾੜੇ ਮੌਕੇ ਸਮਾਗਮ ਵਿਚ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਨੇ ਵੀ ਸਮੂਲੀਅਤ ਕੀਤੀ। ਪੰਡਾਲ ਵਿਚ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਗਿਆਨੀ ਗੁਰਬਚਨ ਸਿੰਘ ਸਟੇਜ ’ਤੇ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕੋਲ ਬੈਠ ਗਏ। ਸਟੇਜ ਸਕੱਤਰ ਨੇ ਅਪਣੀ ਕਾਰਵਾਈ ਜਾਰੀ ਰਖਦਿਆਂ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕੌਮ ਦਾ ਗੱਦਾਰ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਕੌਮ ਨਾਲ ਗੱਦਾਰੀ ਕਰ ਕੇ ਅਪਣੀ ਰਾਜ ਸੱਤਾ ਦੀ ਪ੍ਰਾਪਤੀ ਕੀਤੀ ਜਦਕਿ ਇਸ ਦੇ ਨਾਲ ਹੀ ਸਟੇਜ ਤੋਂ ਵਾਰ-ਵਾਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਕੌਮ ਦੇ ਨਾਮ ਅਪਣਾ ਸੰਦੇਸ਼ ਦੇਣਗੇ। ਸਟੇਜ ਤੋਂ ਸ. ਬਾਦਲ ਬਾਰੇ ਟਿਪਣੀਆਂ ਸੁਣ ਕੇ ਗਿਆਨੀ ਗੁਰਬਚਨ ਸਿੰਘ ਗੁੱਸੇ ਵਿਚ ਆ ਗਏ ਅਤੇ ਸਟੇਜ ਤੋਂ ਦੌੜਨ ਲੱਗੇ। ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਸੇਵਾਦਾਰ ਅਪਣਾ ਸੰਦੇਸ਼ ਦਿਤੇ ਬਿਨਾਂ ਹੀ ਪੰਡਾਲ ਤੋਂ ਬਾਹਰ ਚਲੇ ਗਏ। ਪੰਡਾਲ ਤੋਂ ਬਾਹਰ ਆਉਣ ਉਪਰੰਤ ‘ਜਥੇਦਾਰ’ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਪੱਤਰਕਾਰਾਂ ਨੂੰ ਬਿਨਾਂ ਮਿਲੇ ਹੀ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ।

Comments are closed.