ਦਸਤਾਰ ਅਤੇ ਸਿੱਖੀ ਸਰੂਪ ਕਾਰਨ ਪੂਰੇ ਵਿਸ਼ਵ ਵਿੱਚ ਮਾਣ ਸਤਿਕਾਰ ਮਿਲਿਆ – ਫੌਜਾ ਸਿੰਘ

February 12, 2012No Comments

ਹਾਂਗਕਾਂਗ ( ਫਰਵਰੀ , ਜੰਗ ਬਹਾਦਰ ਸਿੰਘ):- ਭਾਂਵੇ ਮੈਂ ਜਿੰਨਾ ਮਰਜ਼ੀ ਦੌੜ ਲੈਂਦਾ,ਜਿੰਨੇ ਮਰਜ਼ੀ ਰਿਕਾਰਡ ਤੋੜ ਲੈਂਦਾ , ਪਰ ਦਸਤਾਰ ਅਤੇ ਸਿੱਖੀ ਸਰੂਪ ਤੋਂ ਬਿਨਾ ਵਿਲੱਖਣ ਪਹਿਚਾਣ ਅਤੇ ਐਨਾ ਮਾਣ ਅਤੇ ਸਤਿਕਾਰ ਨਹੀ ਹਾਸਿਲ ਕਰ ਸਕਦਾ ਸੀ ਜਿੰਨਾ ਕਿ ਹੁਣ ਸੰਸਾਰ ਪੱਧਰ ਤੇ ਹਾਸਿਲ ਕਰ ਚੁੱਕਾ ਹਾਂ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧੀ ਪ੍ਰਾਪਤ 100 ਸਾਲਾ ਮੈਰਾਥਨ ਦੌੜਾਕ ਸ੍ਰ ਫੌਜਾ ਸਿੰਘ ਵਲੋਂ “ਇੰਡੀਆ ਕਲੱਬ” ਵਿਖੇ “ਗੋਲਡ ਫਿਸ਼ ਸਰਵਿਸਿਜ਼ (ਹਾਂਗਕਾਂਗ) ਲਿਮਟਿਡ” ਵਲੋਂ ਉਹਨਾ ਲਈ ਆਯੋਜਿਤ ਕੀਤੇ ਸਨਮਾਨ ਸਮਾਰੋਹ ਦੋਰਾਨ ਕਰਦਿਆਂ ਕਿਹਾ ਕਿ ਉਹ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਰੱਖਦੇ ਹਨ ਅਤੇ ਉਹਨਾ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਹੀ ਸੰਭਵ ਹੋ ਸਕੀਆਂ ਹਨ । ਅੱਜ ਸੰਸਾਰ ਦੀ ਤ੍ਰਾਸਦੀ ਹੈ ਕਿ ਅਮੀਰ ਮੁਲਕਾਂ ਦੇ ਲੌਕ ਬੇਹਿਸਾਬਾ ਖਾਣ ਅਤੇ ਗਰੀਬ ਮੁਲਕਾਂ ਦੇ ਲੋਕ ਭੁਖਮਰੀ ਨਾਲ ਫਨਾਹ ਹੋ ਰਹੇ ਹਨ । ਪਰ ਸੰਤੁਲਿਤ ਆਹਾਰ,ਚੰਗੀਆਂ ਆਦਤਾਂ ਅਤੇ ਰੋਜ਼ਾਨਾ ਵਰਜਿਸ਼ ਨਾਲ ਇਨਸਾਨ ਲੰਬਾ ਜੀਵਨ ਜੀਅ ਸਕਦਾ ਹੈ । ਕੋਚ ਹਰਮੰਦਰ ਸਿੰਘ ਵਲੋਂ ਉਹਨਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ੍ਰ ਫੌਜਾ ਸਿੰਘ ਦ੍ਰਿੜ ਇੱਛਾ ਸ਼ਕਤੀ ਦੇ ਮਾਲਿਕ ਹਨ ਅਤੇ ਕਦੇ ਵੀ ਹਾਰਨਾ ਪਸੰਦ ਨਹੀ ਕਰਦੇ । ਇਸ ਸਮਾਰੋਹ ਦੋਰਾਨ ਸ੍ਰ ਜੰਗ ਬਹਾਦਰ ਸਿੰਘ, ਸ੍ਰ ਦਲਜੀਤ ਸਿੰਘ ਸਕੱਤਰ “ਖਾਲਸਾ ਦੀਵਾਨ” ਨਵਤੇਜ ਸਿੰਘ ਅਟਵਾਲ ,ਦਿਲਬਾਗ ਸਿੰਘ ਪੰਜਵੜ,ਗੁਰਦੀਪ ਸਵੱਦੀ,ਭਿੰਦਾ ਪੰਜਵੜ ਆਦਿ ਬੁਲਾਰਿਆਂ ਵਲੋਂ ਸ੍ਰ ਫੌਜਾ ਸਿੰਘ ਅਤੇ ਉਹਨਾ ਨਾਲ ਆਈ ਸਮੁਚੀ 9 ਮੈਂਬਰੀ ਟੀਮ ਨੂੰ ਜੀ ਆਇਆਂ ਕਹਿੰਦਿਆਂ ਮੰਚ ਤੋਂ ਵੱਖੋ ਵੱਖ ਸੰਬੋਧਨ ਦੋਰਾਨ ਕਿਹਾ ਗਿਆ ਕਿ ਸ੍ਰ ਫੌਜਾ ਸਿੰਘ ਆਉਣ ਵਾਲੀਆਂ ਪੀੜੀਆ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ ਇਸੇ ਕਾਰਨ ਹਾਂਗਕਾਂਗ ਦੇ ਸਿੱਖਾਂ ਵਲੋਂ ਇਹਨਾਂ ਨੂੰ “ਮਿਸਾਲ ਏ ਕੌਮ” ਦਾ ਖਿਤਾਬ ਦਿੱਤਾ ਗਿਆ ਹੈ। ਇਸ ਮੌਕੇ ਲਖਬੀਰ ਸਿੰਘ ਪੰਜਵੜ ਡਾਇਰੈਕਟਰ “ਗੋਲਡ ਫਿਸ਼ ਸਰਵਿਸਿਜ਼ (ਹਾਂਗਕਾਂਗ) ਲਿਮਟਿਡ”,ਪਰਵਿੰਦਰ ਸਿੰਘ ਮਾਨ ਪ੍ਰਧਾਨ “ਪੰਜਾਬ ਯੂਥ ਕਲੱਬ”,ਬੌਬੀ ਬਰਾੜ, ਗੁਰਮੀਤ ਸਿੰਘ ਗਿੱਲ,ਜਗਤਾਰ ਸਿੰਘ ਟੋਨੀ ਅਤੇ ਅਮਰਜੀਤ ਸਿੰਘ ਗਰੇਵਾਲ ਵਲੋਂ ਉਹਨਾ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲੇ ਭੇਟ ਕੀਤੇ ਗਏ । “ਪੰਜਾਬ ਯੂਥ ਕਲੱਬ” ਵਲੋਂ ਪੰਜਾਬੀ ਭਾਈਚਾਰੇ ਲਈ ਕੀਤੀਆਂ ਵਧੀਆ ਸੇਵਾਵਾਂ ਬਦਲੇ ਸ੍ਰ ਗੁਰਬਿੰਦਰ ਸਿੰਘ ਗੈਰੀ ਅਤੇ ਡਾ: ਸੁਖਜੀਤ ਸਿੰਘ ਨੂੰ ਮੁੱਖ ਮਹਿਮਾਨ ਸ੍ਰ ਫੌਜਾ ਸਿੰਘ ਹਥੋਂ ਸਨਮਾਨਿਤ ਕਰਵਾਇਆ ਗਿਆ । ਪ੍ਰਬੰਧਕਾਂ ਵਲੋਂ ਸ੍ਰ ਫੌਜਾ ਸਿੰਘ ਦੀ ਟੀਮ ਦੇ ਮੈਂਬਰਾਂ ਮੈਡਮ ਅਮਿਤਾ ਸ਼ਰਮਾ,ਰਜਿੰਦਰ ਕੌਰ ਸ਼ਿਨਮਾਰ,ਸ਼ਿਲਪਾ ਸੁੰਦਰਜੀ,ਸੈਂਡੀ ਜੋਬਨਪੁਤਰਾ,ਸੁਖਜਿੰਦਰ ਸਿੰਘ ਸਪੁੱਤਰ,ਅਮਰੀਕ ਸਿੰਘ ਬਾਜਵਾ ਡਿਪਟੀ ਕੋਚ,ਨਿਰਮਲ ਸਿੰਘ ਲੋਟੇ ਅਤੇ ਹਰਭਾਗ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਦੀ ਜ਼ਿਮੇਵਾਰੀ ਮਾ: ਜਗਤਾਰ ਸਿੰਘ ਢੁੱਡੀਕੇ ਵਲੋਂ ਬਾਖੂਬੀ ਨਿਭਾਈ ਗਈ । ਇਸ ਸਨਮਾਨ ਸਮਾਰੋਹ ਵਿੱਚ ਸ੍ਰ ਸ਼ਿੰਗਾਰਾ ਸਿੰਘ ਢਿਲੋਂ ਸਾਬਕਾ ਪ੍ਰਧਾਨ “ਖਾਲਸਾ ਦੀਵਾਨ”,ਗੁਰਬੀਰ ਸਿੰਘ ਬਤਰਾ,ਅਮਰਜੀਤ ਸਿੰਘ ਸਿੱਧੂ,ਸਤਪਾਲ ਸਿੰਘ ਮਾਲੂਵਾਲ,ਸੁਖਬੀਰ ਸਿੰਘ,ਚਰਨਜੀਤ ਸਿੰਘ ਬਿੱਲੂ,ਜਸਮੇਲ ਸਿੰਘ ਪੱਪੂ,ਗੁਰਦੇਵ ਸਿੰਘ ਬਰਾੜ,ਮਨਜੀਤ ਸਿੰਘ ਬਰਾੜ,ਕੁਲਬੀਰ ਸਿੰਘ,ਪਰਮਿੰਦਰ ਗਰੇਵਾਲ,ਮਨਜਿੰਦਰ ਸਿੰਘ ਖਜ਼ਾਨਚੀ,ਦਰਸ਼ਨ ਸਿੰਘ ਫੂਲ ਲੰਗਰ ਸੈਕਟਰੀ,ਜਗਜੀਤ ਸਿੰਘ ਕਾਉਂਕੇ ਕਮੇਟੀ ਮੈਂਬਰ,ਡੀ ਪੀ ਸਿੰਘ,ਕਰਨੈਲ ਸਿੰਘ,ਹੈਰੀ ਬਰਾੜ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਗਈ । ਇਥੇ ਵਿਸ਼ੇਸ਼ ਤੋਰ ਤੇ ਜ਼ਿਕਰਯੋਗ ਹੈ ਕਿ ਸ੍ਰ ਫੌਜਾ ਸਿੰਘ “ਸਟੈਂਡਰਡ ਚਾਰਟਡ ਬੈਂਕ” ਵਲੋਂ ਦਿਤੇ ਵਿਸ਼ੇਸ਼ ਸੱਦੇ ਤੇ ਮੈਰਾਥਨ ਦੌੜ ਵਿੱਚ ਹਿਸਾ ਲੈਣ ਲਈ ਹਾਂਗਕਾਂਗ ਪਹੁੰਚੇ ਸਨ। ਇਸ ਦੌੜ ਵਿੱਚ 70,000 ਦੇ ਕਰੀਬ ਵੱਖ ਵੱਖ ਦੇਸ਼ਾਂ ਅਤੇ ਕੌਮਾਂ ਦੇ ਦੌੜਾਕਾਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ ਅਤੇ ਹਾਂਗਕਾਂਗ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ 42 ਮੈਂਬਰਾਂ ਸਮੇਤ ਸ੍ਰ ਫੌਜਾ ਸਿੰਘ ਵਲੋਂ 10 ਕਿਲੋਮੀਟਰ ਦੌੜ 94 ਮਿੰਟ ਵਿੱਚ ਪੂਰੀ ਕੀਤੀ ਗਈ । ਇਥੇ ਬਿਤਾਏ ਕਰੀਬ 10 ਦਿਨਾਂ ਦੌਰਾਨ ਉਹ ਲਗਾਤਾਰ ਮੀਡੀਏ ਵਿੱਚ ਸ਼ਾਏ ਰਹੇ ਅਤੇ ਹਾਂਗਕਾਂਗ ਦੀਆਂ ਚਾਈਨੀਜ਼ ਅਤੇ ਅੰਗਰੇਜ਼ੀ ਦੀਆਂ ਪ੍ਰਮੁੱਖ ਅਖਬਾਰਾਂ ਵਲੋਂ ਉਹਨਾ ਦੀ ਜੀਵਨੀ ਤੇ ਅਧਾਰਿਤ ਪੂਰੇ ਪੂਰੇ ਸਫੇ ਦੇ ਆਰਟੀਕਲ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਜਿਸ ਕਾਰਨ ਹਾਂਗਕਾਂਗ ਦੇ ਚਾਈਨੀਜ਼ ਲੋਕਾਂ ਅਤੇ ਇਥੇ ਵਸ ਰਹੀਆਂ ਹੋਰ ਕੌਮਾਂ ਵਿੱਚ ਭਾਰਤੀਆਂ ਪ੍ਰਤੀ ਭਰੋਸੇਯੋਗਤਾ ਅਤੇ ਮਾਣ ਸਤਿਕਾਰ ਵਧਿਆ ਹੈ । ਇਸ ਦਾ ਸਬੂਤ ਇਸ ਗੱਲ ਤੋਂ ਮਿਲਿਆ ਕਿ ਜਦੋਂ ਸ੍ਰ ਫੌਜਾ ਸਿੰਘ ਅਤੇ ਪੂਰੀ ਟੀਮ ਪੀਕ ਟਾਵਰ ਤੋਂ ਵਾਪਿਸ ਹੋਟਲ ਟੈਕਸੀ ਰਾਹੀ ਪਹੁੰਚੇ ਤਾਂ ਚਾਈਨੀਜ਼ ਡਰਾਇਵਰਾਂ ਵਲੋਂ ਉਹਨਾ ਨੂੰ ਪਹਿਚਾਣਦੇ ਹੋਏ ਸਤਿਕਾਰ ਵਜੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਥੇ ਮੌਜ਼ੂਦ ਹੋਰ ਚੀਨਿਆਂ ਵਲੋਂ ਵੀ ਉਹਨਾ ਨਾਲ ਫੋਟੋਆਂ ਖਿਚਵਾਈਆਂ ਗਈਆਂ । ਸਿੱਖ ਸਮਾਜ ਵਲੋਂ ਉਹਨਾ ਨੂੰ “ਮਿਸਾਲ ਏ ਕੌਮ” ਦਾ ਅਵਾਰਡ ਨਾਲ ਸਨਮਾਨਿਆ ਗਿਆ ਅਤੇ ਸ੍ਰ ਫੌਜਾ ਸਿੰਘ ਹਾਂਗਕਾਂਗ ਵਾਸੀਆਂ ਲਈ ਮਾਣ ਮੱਤੀਆਂ ਯਾਦਾਂ ਦੇ , ਲੈ ਕੇ ਇੰਗਲੈਂਡ ਲਈ ਰਵਾਨਾ ਹੋ ਗਏ ।

 

  • Share/Bookmark

Comments are closed.