ਸਾਧ ਦੇ ਡੇਰੇ ’ਤੇ ਵੋਟਾਂ ਮੰਗਣ ਗਏ ਸਾਡੇ ਸਿੱਖ ਲੀਡਰਾਂ ਬੀਤੀ ਕੀ ਐ?

February 11, 2012No Comments

  • ਘੁਣਤਰਾਂ :
  •  

     

    ‘‘ਕਾਮਰੇਡਾ! ਕੀ ਕਹਿੰਦੇ ਨੇ ਆਪਣੇ ਜਥੇਦਾਰ ਸਹਿਬਾਨ, ਭਲਾ ਸਿਰਸੇ ਵਾਲੇ ਸਾਧ ਦੇ ਡੇਰੇ ’ਤੇ ਜਾਣ ਵਾਲੇ ਕਿਸੇ ਸਿੱਖ ਲੀਡਰ ਨੂੰ ਤਲਬ ਵੀ ਕੀਤਾ ਜਾ ਰਿਹੈ ਜਾਂ ਫੇਰ ਆਪਣੇ ਜਥੇਦਾਰ ਜੀ ਵੀ ਫੋਰਡ ਟਰੈਕਟਰ ਵਾਂਗੂ ਖੜੇ ਈ ਸਲਿੱਪ ਕਢੀ ਜਾਂਦੇ ਨੇ’’ ਬਿੱਕਰ ਨੇ ਢਿੱਲੇ ਹੋਏ ਪਰਨੇ ਦਾ ਲੜ ਖੋਲ ਕੇ ਕੱਸਿਆ। ‘‘ ਅਮਲੀਆ! ਜਥੇਦਾਰਾਂ ਨੇ ਤਾਂ ਦਬਕਾ ਮਾਰਨਾ ਹੁੰਦੈ, ਉਹ ਦਬਕੇ ਤੇ ਦਬਕਾ ਮਾਰੀ ਜਾਂਦੇ ਨੇ, ਤਲਬ ਤਾਂ ਉਹ ਉਸੇ ਨੂੰ ਕਰਨਗੇ ਜੀਹਨੂੰ ਤਬਲ ਕਰਨ ਲਈ ਬਾਦਲ ਸਾਬ• ਦਾ ਹੁਕਮ ਆਊ’’ ਸ਼ਿੰਦੇ ਦੀ ਇਸ ਗੱਲ ਨੂੰ ਕੱਟਦਿਆਂ ਬਾਬਾ ਲਾਭ ਸਿੰਘ ਨੇ ਸਵਾਲ ਕੀਤਾ ‘‘ ਸੁਣਿਐ ਭਾਈ! ਸਿਰਸੇ ਵਾਲੇ ਸਾਧ ਦੇ ਡੇਰੇ ’ਤੇ ਤਾਂ ਬਹੁਤ ਸਾਰੇ ਲੀਡਰ ਮਿੰਨਤਾਂ ਤਰਲੇ ਕਰਕੇ ਆਏ ਨੇ, ਇਹਨਾਂ ਲੀਡਰਾਂ ’ਚ ਸਾਰੀਆਂ ਈ ਪਾਰਟੀਆਂ ਦੇ ਆਗੂ ਸ਼ਾਮਿਲ ਸੀ’’? ਬਾਬਾ ਲਾਭ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼ਿੰਦਾ ਬੋਲਿਆ ‘‘ਬਾਬਾ ਜੀ! ਗਏ ਤਾਂ ਸਾਰੀਆਂ ਪਾਰਟੀਆਂ ਦੇ ਲੀਡਰ ਈ ਸੀ, ਪਰ ਇਹ ਨਾ ਪੁਛੋ! ਬਈ ਇਹਨਾਂ ਵੋਟਾਂ ਮੰਗਣ ਗਏ ਲੀਡਰਾਂ ਨਾਲ ਸਿਰਸੇ ਵਾਲੇ ਸਾਧ ਦੇ ਡੇਰੇ ’ਤੇ ਜੇਹੜੀ ਕੁੱਤੇਖਾਣੀ ਹੋਈ ਐ’’ ਏਨਾਂ ਆਖ ਸ਼ਿੰਦਾ ਹੱਸਣ ਲੱਗ ਪਿਆ ਤਾਂ ਬਿੱਕਰ ਨੇ ਝੱਟ ਮੋਢਿਓਂ ਫੜ ਕੇ ਸਵਾਲ ਕੀਤਾ ‘‘ਯਾਰ ਕਾਮਰੇਡਾ! ਛੇਤੀ ਛੇਤੀ ਇਹ ਦੱਸ ਬਈ, ਸੌਦਾ ਸਾਧ ਦੇ ਡੇਰੇ ’ਤੇ ਵੋਟਾਂ ਮੰਗਣ ਗਏ ਸਾਡੇ ਸਿੱਖ ਲੀਡਰਾਂ ਬੀਤੀ ਕੀ ਐ’’ ਬਿੱਕਰ ਦਾ ਜਗਿਆਸਾ ਭਰਿਆ ਚਿਹਰਾ ਦੇਖ ਕੇ ਸ਼ਿੰਦਾ ਹੱਸਦਾ ਹੋਇਆ ਕਹਿਣ ਲੱਗਿਆ ‘‘ਹੋਇਆ ਇਹ ਕਿ ਵੋਟਾਂ ਪੈਣ ਤੋਂ ਦੋ ਕੁ ਦਿਨ ਪਹਿਲਾਂ ਸਿਰਸੇ ਵਾਲੇ ਸਾਧ ਦੇ ਰਾਜਨੀਤਕ ਵਿੰਗ ਨੇ ਉਹ ਸਾਰੀਆਂ ਪਾਰਟੀਆਂ ਦੇ ਸਾਰੇ ਈ ਉਮੀਦਵਾਰ ਡੇਰੇ ਸੱਦ ਲਏ, ਜੇਹੜੇ ਡੇਰੇ ਵਾਲਿਆਂ ਤੋਂ ਵੋਟਾਂ ਦੀ ਝਾਕ ਰੱਖਦੇ ਸੀ, ਬਸ ਸਾਰਿਆਂ ਨੇ ਝੱਟ ਚੋਣ ਪ੍ਰਚਾਰ ਵਿੱਚੇ ਈ ਛੱਡ ਕੇ ਸਿਰਸੇ ਵਾਲੇ ਦੇ ਡੇਰੇ ਵੱਲ ਚਾਲੇ ਪਾ ਦਿੱਤੇ ਤੇ ਗਾਂਹਾਂ ਉਹਨਾਂ ਨੇ ਇਹ ਸਾਰੇ ਲੀਡਰ ਇੱਕ ਰੜੇ ਮੈਦਾਨ ’ਕੱਠੇ ਕਰ’ਲੇ, ਏਹਨੇ ਨੂੰ ਕੁਦਰਤੀ ਮੀਂਹ ਪੈਣ ਲੱਗ ਗਿਆ, ਵੋਟਾਂ ਮੰਗਣ ਗਏ ਸਾਰੇ ਉਮੀਦਵਾਰ ਭਿੱਜੀ ਬੱਕਰੀ ਵਾਂਗੂ ਹੋ ਰਹੀ ਬੂੰਦਾਂਬਾਦੀ ’ਚ ਕੜਾਕੇ ਦੀ ਠੰਡ ’ਚ ਕੰਬੀ ਜਾਣ, ਜਦੋਂ ਪੂਰੇ ਭਿੱਜ ਕੇ ਕੰਬਣੀਆਂ ਛਿੜ’ਗੀਆਂ ਤਾਂ ਡੇਰੇ ਦੇ ਰਾਜਨੀਤਕ ਵਿੰਗ ਵਾਲਿਆਂ ਨੇ ਸਾਰਿਆਂ ਨੂੰ ਇੱਕ ਸੈੱਡ ਜਿਹੇ ਦੇ ਥੱਲੇ ਸੱਦ ਲਿਆ’’ ਸ਼ਿੰਦੇ ਦੀ ਗੱਲ ਕੱਟਦਿਆਂ ਬਿੱਕਰ ਬੋਲਿਆ ‘‘ਕਾਮਰੇਡਾ! ਮੀਂਹ ਨਾਲ ਠੁਰ ਠੁਰ ਕਰਦੇ ਲੀਡਰਾਂ ਨੂੰ, ਉਹਨਾਂ ਨੇ ਫੇਰ ਇਹ ਕਿਹਾ ਹੋੳ, ਬਈ ਹੁਣ ਭਿੱਜ ਕੇ ਤੁਸੀਂ ਪਵਿੱਤਰ ਹੋ’ਗੇ ਓ, ਤੇ ਹੁਣ ਆਜੋ! ਲੈ ਲਓ ਵੋਟਾਂ ਦੇ ਗੱਫੇ’’ ਬਿੱਕਰ ਦੇ ਇਸ ਵਿਅੰਗ ’ਤੇ ਹੱਸਦਿਆਂ ਸ਼ਿੰਦੇ ਨੇ ਕਿਹਾ ‘‘ਕਿਥੇ ਅਮਲੀਆ! ਉਹਨਾਂ ਨੇ ਮੀਂਹ ਨਾਲ ਭਿੱਜੇ ਤੇ ਠੰਡ ਨਾਲ ਕੰਬਦੇ ਸਾਰੇ ਲੀਡਰਾਂ ਨੂੰ ਸੈਡ ਹੇਠ ’ਕੱਠੇ ਕਰਕੇ ਇੱਕ ਫਿਲਮ ਦਿਖਾਈ, ਜੀਹਦੇ ’ਚ ਪਿਛਲੀਆਂ ਵੋਟਾਂ ਮਗਰੋਂ ਸਿਰਸੇ ਵਾਲੇ ਦੇ ਢਾਹੇ ਗਏ ਡੇਰੇ ਤੇ ਪ੍ਰੇਮੀਆਂ ’ਤੇ ਪੈਂਦੀ ਕੁਟ ਦੇ ਦ੍ਰਿਸ਼ ਦਿਖਾਏ ਗਏ, ਫੇਰ ਫਿਲਮ ਚਲਾ ਕੇ ਸਾਰਿਆਂ ਨੂੰ ਪੁਛਿਆ ਬਈ, ਥੋਡੇ ’ਚੋਂ ਕਿੰਨਿਆਂ ਨੇ ਉਸ ਵੇਲੇ ਸਾਡੀ ਮੱਦਦ ਕੀਤੀ ਐ, ਜਦੋਂ ਸਾਰੇ ਨੀਵੀਆਂ ਪਾ’ਗੇ ਤਾਂ ਫੇਰ ਡੇਰੇ ਵਾਲਿਆਂ ਨੇ ਗਾਂਹਾਂ ਨੂੰ ਇਹੋ ਜਿਹੇ ਹਾਲਾਤਾਂ ’ਚ ਮੱਦਦ ਕਰਨ ਦਾ ਸਾਰਿਆਂ ਤੋਂ ਪ੍ਰਣ ਕਰਵਾਇਆ’’ ਸ਼ਿੰਦੇ ਨੂੰ ਟੋਕਦਿਆਂ ਬਿੱਕਰ ਨੇ ਫੇਰ ਕਿਹਾ ‘‘ ਕਾਮੇਰਡਾ! ਫੇਰ ਤਾਂ ਸਾਰਿਆਂ ਦੀਆਂ ਝੋਲੀਆਂ ਭਰ’ਤੀਆਂ ਹੋਣਗੀਆਂ ਵੋਟਾਂ ਨਾਲ’’ ਇਸ ’ਤੇ ਹੱਸਦਿਆਂ ਸ਼ਿੰਦੇ ਨੇ ਕਿਹਾ ‘‘ ਕਿਥੈ ਅਮਲੀਆ! ਏਨੀ ਕੁਤੇਖਾਣੀ ਕਰਨ ਤੋਂ ਬਾਆਰਦ ਜਦੋਂ ਮੀਂਹ ਨਾਲ ਭਿੱਜੇ, ਗਾਰੇ ਨਾਲ ਲਿਬੜੇ, ਠੰਡ ਨਾਲ ਠਰਦੇ ਸਾਡੇ ਸਿੱਖ ਲੀਡਰ ਚਿੱਕੜ ’ਚ ਡਿਗਦੇ ਢਹਿੰਦੇ, ਸੈਡ ਹੇਠ ਬੇਸ਼ਰਮ ਹੋਏ ਖੜੇ ਸੀ ਤਾਂ ਉਥੇ ਸਿਰਸਾ ਵਾਲਾ ਸਾਧ ਆਪ ਆ ਕੇ ਪ੍ਰਗਟ ਹੋਇਆ ਤੇ ਉਹ ਸਾਰਿਆਂ ਨੂੰ ਈ ਜਿੱਤਣ ਦਾ ਅਸ਼ੀਰਵਾਦ ਦੇ ਤੁਰਦਾ ਹੋਇਆ, ਜਦੋਂਕਿ ਇੱਕ-ਇੱਕ ਹਲਕੇ ’ਚੋਂ ਈ ਤਿੰਨ-ਤਿੰਨ ਉਮੀਦਵਾਰ ਉਥੇ ਖੜੇ ਸੀ’’ ਇਸ ਗੱਲ ’ਤੇ ਬਿੱਕਰ ਨੇ ਤਾੜੀ ਮਾਰੀ ‘‘ਕਾਮਰੇਡਾ! ਊਂਅ ਤਾਂ ਯਾਰ ਮੀਂਹ ਨਾਲ ਭਿਜੇ ਸਾਰੇ ਲੀਡਰ ਸਿਰਸੇ ਵਾਲੇ ਦੇ ਡੇਰੇ ਤੋਂ ਨਿਕਲਦਿਆਂ ਈ ਠੇਕਿਆਂ ’ਤੇ ਆਕੇ ਠੰਡ ਲਾਹੀ ਹੋਊ, ਹੁਣ ਐਨੀ ਕੁੱਤੇਖਾਣੀ ਕਰਵਾਕੇ ਆਏ ਸਾਡੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬਿਜਾਏ ਜਥੇਦਾਰ ਸਾਹਿਬਾਨ ਹੱਲਾਸ਼ੇਰੀ ਦੇਣ, ਤੇ ਸਿਰੋਪਿਆਂ ਦੀ ਥਾਂ ਛੱਤਰੀਆਂ ਦੇਕੇ ਸਨਮਾਨਿਤ ਕਰ ਦੇਣ ਤਾਂ ਕਿ ਅਗਲੀ ਵਾਰੀ ਸਿਰਸੇ ਵਾਲੇ ਸਾਧ ਦੇ ਡੇਰੇ ਜਾਣ ਵੇਲੇ ਘੱਟੋਘੱਟ ਮੀਂਹ ਕਣੀ ਵੇਲੇ ਕੰਮ ਤਾਂ ਆ ਸਕਣ’’ ਬਿੱਕਰ ਦੀ ਇਸ ਗੱਲ ’ਤੇ ਸਾਰੇ ਹੱਸਣ ਲੱਗ ਪਏ

     

    • Share/Bookmark

    Comments are closed.