ਰੱਬ ਨੇੜੇ ਕਿ ਘਸੁੰਨ : ਗੁਰਦਾਸ ਬਾਦਲ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ :
ਪੀਪੀਪੀ ਦੇ ਸੀਨੀਅਰ ਆਗੂ ਗੁਰਦਾਸ ਸਿੰਘ ਬਾਦਲ ਨੇ ਆਪਣੇ ਪੱਕੇ ਸ਼ਾਗਿਰਦ ਸਤਿੰਦਰਜੀਤ ਸਿੰਘ ਮੰਟਾ ਵੱਲੋਂ 3 ਦਸੰਬਰ ਨੂੰ ਅਕਾਲੀ ਦਲ (ਬ) ‘ਚ ਸ਼ਾਮਲ ਹੋਣ ਬਾਰੇ ਆਪਣਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਜ਼ਾਹਰ ਕੀਤਾ। ”ਤੁਸੀਂ ਦੱਸੋ ਬੱਲਿਆ! ਰੱਬ ਨੇੜੇ ਕਿ ਘਸੁੰਨ ਨੇੜੇ। ਮੰਟਾ ਤਾਂ 6 ਮਹੀਨਿਆਂ ਦਾ ਭੱਜਿਆ-ਭੁੱਜਿਆ ਹੀ ਫਿਰਦਾ ਸੀ, ਮੁਕੱਦਮਿਆਂ ‘ਚ ਫਸਾ ਕੇ ਦੁਵੱਲੀ ਫਿਰਦੇ ਸੀ, ਉਹਨੂੰ। ਪਰ ਕੋਈ ਫ਼ਰਕ ਨੀਂ ਪੈਂਦਾ, ਭਾਵੇਂ ਕੋਈ ਚਲਿਆ ਜਾਵੇ ਜਾਂ ਨਾ ਜਾਵੇ, ਕਿਉਂਕਿ ਲੋਕ ਸਾਡੇ ਨਾਲ ਹਨ।‘‘ ਉਨ੍ਹਾਂ ਕਿਹਾ ”ਡਰਾ-ਧਮਕਾ ਕੇ ਤਾਂ ਜਿਹਨੂੰ ਮਰਜ਼ੀ ਕੋਈ ਰਲਾ ਲਵੇ, ਪਰ ਮਨ ਅਤੇ ਦਿਲ ਬਦਲਣਾ ਬੜਾ ਔਖਾ ਹੁੰਦਾ ਐ।‘‘ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਤਿੰਦਰਜੀਤ ਮੰਟਾ ਤਾਂ ਤੁਹਾਡਾ ਪੱਕਾ ‘ਸ਼ਾਗਿਰਦ‘ ਮੰਨਿਆ ਜਾਂਦਾ ਸੀ। ਉਸ ਦੇ ਸਿਆਸੀ ਸ਼ਰੀਕਾਂ ਦੀ ਝੋਲੀ ਵਿਚ ਜਾਣ ਤੋਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਤਾਂ ਉਨ੍ਹਾਂ ਕੁਝ ਪਲ ਥੰਮਦਿਆਂ ਆਪਣੇ ਰਵਾਇਤੀ ਅੰਦਾਜ਼ ਵਿਚ ਕਿਹਾ ਕਿ ”ਤੁਸੀਂ ਦੱਸੋ… ਕਿ ਸ਼ਾਗਿਰਦ ਸੀ ਮੇਰਾ ਕਿਹੜਾ ਨ੍ਹੀਂ ‘ਅਕਾਲੀ ਦਲ‘ ਵਾਲੇ, ਇਹ ਜਿਹੜੇ ਤੁਰੇ ਫਿਰਦੇ ਨੇ ਸਾਰੇ ਮੇਰੇ ਸ਼ਾਗਿਰਦ ਹਨ, ਪਰ ਹੁਣ ਲਾਲਚ ਅਤੇ ਡਰ ਨਾਲ ਤੋੜੀ ਜਾਂਦੇ ਨੇ ਏਹਨਾਂ ਨੂੰ।‘‘ ਪਰ ਸਾਨੂੰ ਅਜਿਹੇ ਲੋਕਾਂ ਦੇ ਜਾਣ ਨਾਲ ਭੋਰਾ ਈ ਫ਼ਰਕ ਨਹੀਂ ਪੈਣਾ। ਮੈਨੂੰ ਲੋਕਾਂ ‘ਤੇ ਅਤੇ ਲੋਕਾਂ ਨੂੰ ਮੇਰੇ ‘ਤੇ ਭਰੋਸਾ ਐ…।