ਬੋਤੀ ਨਾਲ ਖੇਤੀ ਕਰ ਰਿਹੈ ਪ੍ਰੀਤਮ ਸਿੰਘ
ਭਾਵੇਂ ਕਿ ਅੱਜ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ, ਪਰ ਅੱਜ ਵੀ ਪਿੰਡਾਂ ਵਿਚ ਕੁਝ ਕੁ ਵਿਅਕਤੀ ਪ੍ਰੰਪਰਾਗਤ ਢੰਗ ਨਾਲ ਕੀਤੀ ਜਾਣ ਵਾਲੀ ਖੇਤੀ ਨੂੰ ਨਹੀਂ ਭੁੱਲੇ। ਪੰਜਾਬ ਵਿਚ ਮਾਰੂਥਲ ਦੇ ਜਹਾਜ਼ ਦੀ ਉਪਾਧੀ ਪਾ ਚੁੱਕੇ ਊਠ ਨਾਲ ਖੇਤੀ ਚਾਹੇ ਬਹੁਤ ਘੱਟ ਹੋ ਰਹੀ ਹੈ ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਦਾ ਗਰੀਬ ਵਰਗ ਨਾਲ ਸਬੰਧਤ ਪ੍ਰੀਤਮ ਸਿੰਘ 44 ਸਾਲਾਂ ਤੋਂ ਬੋਤੀ ਨਾਲ ਖੇਤੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਬੜੇ ਮਾਣ ਨਾਲ ਪਾਲ ਰਿਹਾ ਹੈ। ਸਾਊਣੀ ਦੀ ਫ਼ਸਲ ਭਰ ਜੋਬਨ ’ਤੇ ਹੋਣ ਕਰਕੇ ਉਹ ਕਿਸਾਨਾਂ ਦੇ ਖੇਤਾਂ ਵਿਚ ਕਿਰਾਏ ’ਤੇ ਨਰਮਾ ਸੀੜਨ ਦਾ ਕੰਮ ਕਰ ਰਿਹਾ ਹੈ। ਇਸ ਸਬੰਧੀ ਪ੍ਰੀਤਮ ਸਿੰਘ ਪੁੱਤਰ ਜੰਗ ਸਿੰਘ ਦੱਸਦਾ ਹੈ ਕਿ ਮੇਰੀ ਉਮਰ 60 ਸਾਲ ਹੋ ਗਈ ਹੈ ਪਰ ਮੈਂ ਅਜੇ 16 ਕੁ ਸਾਲ ਦਾ ਹੀ ਹੋਵਾਂਗਾ