ਪਾਕਿਸਤਾਨੀ ਕ੍ਰਿਕਟ ਮੁੜ ਮੈਚ ਫਿਕਸਿੰਗ ਦੇ ਪਰਛਾਵੇਂ ਹੇਠ
ਲੰਡਨ, ਬਰਤਾਨੀਆ ਦੇ ਇਕ ਅਖਬਾਰ ਨੇ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਲਾਰਡਜ਼ ਕ੍ਰਿਕਟ ਟੈਸਟ ਵਿਚ ਮੈਚ ਫਿਕਸਿੰਗ ਦਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਅਖਬਾਰ ਦਾ ਦਾਅਵਾ ਹੈ ਕਿ ਇਸ ਮੈਚ ਵਿਚ ਕਰੋੜਾਂ ਰੁਪਏ ਬਦਲੇ ਨੋ ਬਾਲ ਫਿਕਸ ਕੀਤੀ ਗਈ ਸੀ। ਅਖਬਾਰ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ ਨੇ ਮੈਚ ਦੌਰਾਨ ਲਗਾਤਾਰ ਤਿੰਨ ਤਿੰਨ ਨੋ ਬਾਲਾਂ ਸੁੱਟੀਆਂ। ਲੰਡਨ ਦੇ ਮੈਚ ਫਿਕਸਰ ਮਜ਼ਹਰ ਮਾਜੀਦ ਨੇ 15 ਹਜ਼ਾਰ ਪੌਂਡ ਵਿਚ ਇਨ੍ਹਾਂ ਨੋ ਬਾਲਾਂ ਨੂੰ ਫਿਕਸ ਕੀਤਾ ਸੀ। ਮਾਜੀਦ ਨੇ ਅਖਬਾਰ ਦੇ ਪੱਤਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਗੇਂਦਾਂ ਨੋ ਬਾਲ ਹੋਣਗੀਆਂ। ਇਸ ਤੋਂ ਬਾਅਦ ਸਕਾਟਲੈਂਡ ਯਾਰਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸਕਾਟਲੈਂਡ ਯਾਰਡ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਇਕ 35 ਸਾਲਾ ਸ਼ੱਕੀ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਜੀਦ ਅਨੁਸਾਰ ਮੈਚ ਫਿਕਸਿੰਗ ਦਾ ਆਗੂ ਪਾਕਿਸਤਾਨੀ ਕ੍ਰਿਕਟ ਟੀਮ ਦਾ ਕਪਤਾਨ ਸਲਮਾਨ ਬੱਟ ਹੈ। ਉਸਨੇ ਵਿਕਟ ਕੀਪਰ ਕਾਮਰਨ ਅਕਰਮ ਦਾ ਨਾਂ ਲੈਂਦਿਆਂ ਦਾਅਵਾ ਕੀਤਾ ਕਿ ਉਸਦੀ ਜੇਬ੍ਹ ਵਿਚ 7 ਭ੍ਰਿਸ਼ਟ ਖਿਡਾਰੀ ਹਨ । ਇਸ ਫੜੇ ਗਏ ਸ਼ੱਕੀ ਸੱਟੇਬਾਜ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਦੇ ਭਾਰਤ ਵਿਚਲੇ ਸੱਟੇਬਾਜ਼ਾਂ ਨਾਲ ਵੀ ਸਬੰਧ ਹਨ। ਉਸਨੇ ਖੁਲਾਸਾ ਕੀਤਾ ਕਿ ਜਦੋਂ ਭਾਰਤੀ ਬਾਜ਼ਾਰ ਖੁੱਲ੍ਹਾ ਨਹੀਂ ਹੁੰਦਾ ਤਾਂ ਸੱਟੇਬਾਜ਼ੀ ਦੀ ਕੋਈ ਵੱਡੀ ਗਤੀਵਿਧੀ ਨਹੀਂ ਹੁੰਦੀ।