This option will reset the home page of Nava Panga Online restoring closed widgets and categories.

Reset Nava Panga Online homepage

ਭਵਿੱਖਬਾਣੀਆਂ ਆਕਟੋਪਸ ਪਾਲ ਨੇ ਨਹੀਂ ਸਨ ਕੀਤੀਆਂ – ਮੇਘ ਰਾਜ ਮਿੱਤਰ

 

ਜਾਨਵਰਾਂ ਰਾਹੀਂ ਕੀਤੀਆਂ ਜਾਂਦੀਆਂ ਭਵਿੱਖਬਾਣੀਆਂ ਦੇ ਕਈ ਕੇਸ ਮੈਂ ਖੁਦ ਹੱਲ ਕੀਤੇ ਹੋਏ ਹਨ। ਲਗਪਗ 20 ਵਰ੍ਹੇ ਪੁਰਾਣੀ ਗੱਲ ਹੈ, ਮੇਰੀ ਨਜ਼ਰੇ ਇਕ ਅਜਿਹਾ ਵਿਅਕਤੀ ਪਿਆ, ਜਿਸ ਨੇ ਤੋਤੇ ਸਮੇਤ ਪਿੰਜਰਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਮੈਂ ਉਸ ਕੋਲ ਜਾ ਕੇ ਆਪਣਾ ਸਕੂਟਰ ਲਾਇਆ ਤੇ ਮੈਂ ਉਸ ਨੂੰ ਆਪਣੇ ਸਕੂਟਰ ਦੇ ਪਿੱਛੇ ਬੈਠਣ ਲਈ ਕਿਹਾ। ਸਿਰਫ 50 ਕੁ ਰੁਪਏ ਦਾ ਲਾਲਚ ਦੇਣ ਨਾਲ ਹੀ ਉਹ ਮੇਰੇ ਸਕੂਟਰ ‘ਤੇ ਬੈਠ ਗਿਆ। ਮੈਂ ਉਸ ਨੂੰ ਆਪਣੇ ਘਰ ਲੈ ਆਇਆ। ਜੇ ਉਸ ਨੂੰ ਮੈਂ ਆਪਣੀ ਕਿਸਮਤ ਕਿਸੇ ਜਨਤਕ ਥਾਂ ‘ਤੇ ਪੁੱਛਦਾ ਤਾਂ ਲੋਕਾਂ ਨੇ ਇਹ ਗੱਲ ਉਡਾ ਦੇਣੀ ਸੀ ਕਿ ਤਰਕਸ਼ੀਲ ਦੂਹਰੇ ਮਿਆਰ ਦੀ ਜ਼ਿੰਦਗੀ ਜਿਉਂਦੇ ਨੇ। ਇਕ ਪਾਸੇ ਉਹ ਜੋਤਸ਼ੀਆਂ ਦਾ ਵਿਰੋਧ ਕਰਦੇ ਨੇ ਤੇ ਦੂਸਰੇ ਪਾਸੇ ਉਹ ਆਪਣੀ ਕਿਸਮਤ ਪੁੱਛਣ ਲਈ ਜੋਤਸ਼ੀਆਂ ਕੋਲ ਵੀ ਜਾ ਬੈਠਦੇ ਹਨ।
ਘਰ ਆਉਣ ਸਾਰ ਮੈਂ ਤੋਤੇ ਵਾਲੇ ਜੋਤਸ਼ੀ ਨੂੰ ਚਾਹ ਪਿਲਾਈ, ਤਾਂ ਜੋ ਸਾਡੇ ਸਬੰਧਾਂ ਵਿੱਚ ਅਪਣੱਤ ਭਰ ਜਾਵੇ। ਫਿਰ ਮੈਂ ਉਸ ਨੂੰ ਕਿਹਾ ਕਿ ਮੇਰੀ ਕਿਸਮਤ ਦੱਸੋ। ਉਸ ਨੇ ਤੋਤੇ ਦੇ ਪਿੰਜਰੇ ਦੇ ਸਾਹਮਣੇ ਆਪਣੇ ਕਾਰਡ ਤਰਤੀਬ ਵਿੱਚ ਰੱਖ ਦਿੱਤੇ। ਇਕ ਪੈਨ ਨੂੰ ਪਿੰਜਰੇ ਦੀਆਂ ਸੀਖਾਂ ਨਾਲ ਘਸਾਇਆ। ਟਨ ਟਨ ਦੀ ਆਵਾਜ਼ ਆਈ, ਪਿੰਜਰਾ ਖੋਲ੍ਹ ਦਿੱਤਾ ਗਿਆ। ਤੋਤਾ ਬਾਹਰ ਨਿਕਲਿਆ ਤੇ ਇਕ ਕਾਰਡ ਚੁੱਕ ਦਿੱਤਾ। ਜੋਤਸ਼ੀ ਨੇ ਕਾਰਡ ਫੜਿਆ ਤੇ ਦਾਣਾ ਸੁੱਟ ਦਿੱਤਾ। ਤੋਤਾ ਮੁੜ ਪਿੰਜਰੇ ਵਿੱਚ ਚਲਿਆ ਗਿਆ। ਜੋਤਸ਼ੀ ਨੇ ਕਾਰਡ ਫੜਿਆ ਤੇ ਮੈਨੂੰ ਮੇਰੀ ਕਿਸਮਤ ਬਾਰੇ ਕੁਝ ਆਮ ਜਿਹੀਆਂ ਗੱਲਾਂ ਦੱਸਣ ਲੱਗ ਪਿਆ, ਜਿਨ੍ਹਾਂ ਵਿੱਚ ਮੇਰੀ ਦਿਲਚਸਪੀ ਨਹੀਂ ਸੀ। ਫਿਰ ਉਸ ਦੇ ਰੋਕਣ ਦੇ ਬਾਵਜੂਦ ਮੈਂ ਉਸ ਦਾ ਕਾਰਡ ਪੜ੍ਹਨ ਲਈ ਫੜ ਲਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਮੈਂ ਵੇਖਿਆ ਕਿ ਜੋ ਗੱਲਾਂ ਉਹ ਮੈਨੂੰ ਦੱਸ ਰਿਹਾ ਸੀ, ਉਨ੍ਹਾਂ ਵਿੱਚੋਂ ਇਕ ਵੀ ਕਾਰਡ ‘ਤੇ ਨਹੀਂ ਲਿਖੀ ਸੀ।
ਮੈਂ ਉਸ ਨੂੰ ਕਿਹਾ ਕਿ ਇਹ ਗੱਲਾਂ ਕਾਰਡ ‘ਤੇ ਤਾਂ ਲਿਖੀਆਂ ਨਹੀਂ ਅਤੇ ਨਾ ਇਹ ਤੇਰੇ ਤੋਤੇ ਨੇ ਪੜ੍ਹੀਆਂ ਹਨ। ਉਹ ਕਹਿਣ ਲੱਗਾ; ‘‘ਇਹ ਗੱਲਾਂ ਲਿਖੀਆਂ ਥੋੜ੍ਹਾ ਹੁੰਦੀਆਂ ਹਨ ਅਤੇ ਪੜ੍ਹਨਾ ਤੋਤੇ ਨੇ ਥੋੜ੍ਹਾ ਹੁੰਦਾ ਹੈ।”
ਜਦੋਂ ਮੈਂ ਉਸ ਦੇ ਕਾਰਡ ਵੇਖੇ ਤਾਂ ਸਭ ‘ਤੇ ਇਕੋ ਜਿਹੀਆਂ ਗੱਲਾਂ ਲਿਖੀਆਂ ਸਨ। ਫਿਰ ਮੈ ਉਸ ਨੂੰ ਕਿਹਾ ਕਿ ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹਾਂ। ਉਹ ਕਹਿਣ ਲੱਗਾ ਕਿ ‘ਤੋਤਾ ਤੁਹਾਡੇ ਆਖੇ ਤੋਂ ਬਾਹਰ ਨਹੀਂ ਆਵੇਗਾ।’
ਮੈਂ ਉਸ ਤੋਂ ਹੀ ਪੈਨ ਫੜਿਆ। ਉਸੇ ਤਰ੍ਹਾਂ ਸੀਖਾਂ ਨਾਲ ਘਸਾਇਆ, ਟਨ ਟਨ ਦੀ ਆਵਾਜ਼ ਆਈ। ਤੋਤਾ ਬਾਹਰ ਆ ਗਿਆ ਤੇ ਇਕ ਕਾਰਡ ਚੁੱਕ ਦਿੱਤਾ। ਮੈਂ ਦਾਣਾ ਸੁੱਟ ਦਿੱਤਾ। ਤੋਤਾ ਪਿੰਜਰੇ ਦੇ ਅੰਦਰ ਚਲਾ ਗਿਆ। ਜੋਤਸ਼ੀ ਨੂੰ ਮੈਂ ਉਸ ਦੇ ਵਰਤੇ ਗਏ ਸਮੇਂ ਲਈ ਪੈਸੇ ਦਿੱਤੇ ਤੇ ਉਸ ਨੂੰ ਜਿਥੋਂ ਬਿਠਾਇਆ ਸੀ, ਉਥੇ ਹੀ ਛੱਡ ਆਇਆ।
ਇਸੇ ਤਰ੍ਹਾਂ ਇਕ ਦਿਨ ਮੈਨੂੰ ਬਰਨਾਲਾ ਜ਼ਿਲੇ ਦੇ ਇਕ ਕਸਬੇ ਭਦੌੜ ਤੋਂ ਫੋਨ ਆਇਆ ਕਿ ਉਥੇ ਇਕ ਬਲਦ ਵਾਲਾ ਲੋਕਾਂ ਦੇ ਜੇਬ ਵਿੱਚ ਪਾਈ ਪਰਚੀ ਦਾ ਨੰਬਰ ਦੱਸ ਦਿੰਦਾ ਹੈ। ਕੰਮ ਦਾ ਦਿਨ ਹੋਣ ਕਾਰਨ ਸੁਸਾਇਟੀ ਦੇ ਬਾਕੀ ਮੈਂਬਰ ਆਪਣੇ ਕੰਮਾਂ ਧੰਦਿਆਂ ‘ਤੇ ਗਏ ਹੋਏ ਸਨ। ਇਸ ਲਈ ਮੈਂ ਆਪਣੇ ਨਾਲ ਆਪਣੇ ਪੁੱਤਰ ਅਮਿਤ ਨੂੰ ਲੈ ਲਿਆ। ਲਗਪਗ ਅੱਧੇ ਘੰਟੇ ਵਿੱਚ ਅਸੀ ਭਦੌੜ ਪੁੱਜ ਗਏ। ਕਿਸੇ ਖੁੱਲ੍ਹੇ ਵਿਹੜੇ ਵਾਲੀ ਇਮਾਰਤ ਵਿੱਚ ਲੋਕਾਂ ਦਾ ਵੱਡਾ ਹਜੂਮ ਇਕ ਬਲਦ ਵਾਲੇ ਨੂੰ ਘੇਰ ਕੇ ਖੜਾ ਸੀ।
ਜਦੋਂ ਅਸੀਂ ਉਥੇ ਪੁੱਜੇ ਤਾਂ ਪਿੰਡ ਵਾਲੇ ਕਹਿਣ ਲੱਗੇ ਕਿ ਇਸ ਬਲਦ ਵਾਲੇ ਨੇ ਪਿੰਡ ਵਿੱਚੋਂ ਬਹੁਤ ਸਾਰੇ ਸੂਟ ਤੇ ਖੇਸ ਇਕੱਠੇ ਕੀਤੇ ਹੋਏ ਹਨ ਤੇ ਇਸ ਦਾ ਦਾਅਵਾ ਹੈ ਕਿ ਇਹ ਕਿਸ ਦੀ ਜੇਬ ਵਿੱਚ ਪਾਈ ਹੋਈ ਪਰਚੀ ਦਾ ਨੰਬਰ ਦੱਸ ਸਕਦਾ ਹੈ। ਬਲਦ ਵਾਲੇ ਨਾਲ ਗੱਲਬਾਤ ਹੋਈ ਤਾਂ ਉਸ ਨੇ ਵੀ ਇਹੀ ਗੱਲ ਦੁਹਰਾਈ। ਮੈਂ ਭੀੜ ਵਿੱਚੋਂ ਹੀ ਅਜਿਹੇ ਦਸ ਵਿਅਕਤੀਆਂ ਦੀ ਚੋਣ ਕੀਤੀ, ਜਿਨ੍ਹਾਂ ਦੀਆਂ ਪੈਂਟਾਂ ਨਾਲ ਪਿਛਲੀਆਂ ਜੇਬਾਂ ਲੱਗੀਆਂ ਹੋਈਆ ਸਨ। ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਇਕ ਪ੍ਰਯੋਗ ਲਈ ਚੁਣੇ ਹਨ, ਇਸ ਲਈ ਜੇ ਉਹ ਸੱਚੇ ਦਿਲੋਂ ਸਹਿਯੋਗ ਦੇਣਗੇ ਤਾਂ ਪ੍ਰਯੋਗ ਦੀ ਜਾਣਕਾਰੀ ਸਹੀ ਹੋ ਸਕਦੀ ਹੈ। ਉਨ੍ਹਾਂ ਨੇ ਸਹਿਯੋਗ ਲਈ ਭਰੋਸਾ ਦਿੱਤਾ।
ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕੰਧ ਵੱਲ ਮੂੰਹ ਕਰਕੇ ਖੜੇ ਹੋਣ ਲਈ ਕਿਹਾ। ਅਸੀਂ ਪਰਚੀਆਂ ‘ਤੇ ਇਕ ਤੋਂ ਦਸ ਤੱਕ ਅੰਕ ਲਿਖੇ। ਉਨ੍ਹਾਂ ਨੂੰ ਰਲਾ ਕੇ ਉਨ੍ਹਾਂ ਦੀਆਂ ਪੈਂਟ ਦੀਆਂ ਪਿਛਲੀਆਂ ਜੇਬਾਂ ਵਿੱਚ ਪਾ ਦਿੱਤੀਆਂ। ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਕਿਸੇ ਦਾ ਹੱਥ ਵੀ ਉਨ੍ਹਾਂ ਦੀ ਪੈਂਟ ਦੀ ਪਿਛਲੀ ਜੇਬ ‘ਤੇ ਨਹੀਂ ਜਾਵੇਗਾ। ਪਰਚੀਆਂ ਅਸੀਂ ਇਸ ਢੰਗ ਨਾਲ ਰਲਾ ਦਿੱਤੀਆਂ ਸਨ ਕਿ ਸਾਡੇ ਵਿੱਚੋਂ ਵੀ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਸ ਵਿਅਕਤੀ ਦੀ ਜੇਬ ਵਿੱਚ ਕਿਹੜੇ ਨੰਬਰ ਦੀ ਪਰਚੀ ਹੈ। ਇਹ ਵਿਅਕਤੀ ਬਲਦ ਦੇ ਅੱਗੇ ਖਲ੍ਹਾਰ ਦਿੱਤੇ ਗਏ। ਬਲਦ ਵਾਲੇ ਨੇ ਬਲਦ ਨੂੰ ਹੱਕਣ ਲਈ ਵਰਤੀ ਜਾਣ ਵਾਲੀ ਸੋਟੀ, ਜਿਸ ਨੂੰ ਪਰਾਣੀ ਕਿਹਾ ਜਾਂਦਾ ਹੈ, ਆਪਣੇ ਹੱਥ ਵਿੱਚ ਫੜੀ ਹੋਈ ਸੀ। ਜਦੋਂ ਉਹ ਪਰਾਣੀ ਨੂੰ ਗਿੱਠ ਕੁ ਹੇਠਾਂ ਤੋਂ ਫੜਦਾ ਸੀ ਤਾਂ ਬਲਦ ਹਾਂ ਵਿੱਚ ਸਿਰ ਹਿਲਾਉਂਦਾ ਸੀ। ਜਦੋਂ ਪਰਾਣੀ ਉਹ ਵਿਚਕਾਰੋਂ ਫੜਦਾ ਸੀ ਤਾਂ ਉਹ ਨਾਂਹ ਵਿੱਚ ਸਿਰ ਹਿਲਾਉਂਦਾ ਸੀ। ਬਲਦ ਵਾਲਾ ਇਕ ਵਿਅਕਤੀ ਨੂੰ ਪੁੱਛਣ ਲੱਗਾ; ‘‘ਤੇਰੀ ਜੇਬ ਵਿੱਚ ਪੰਜ ਵਾਲੀ ਪਰਚੀ ਹੈ?” ਉਹ ਕਹਿਣ ਲੱਗਾ; ‘‘ਮੈਨੂੰ ਨਹੀਂ ਪਤਾ।” ਜਦੋਂ ਦੂਜੇ ਵਿਅਕਤੀ ਨੂੰ ਕਹਿਣ ਲੱਗਾ; ‘ਪੰਜ ਵਾਲੀ ਪਰਚੀ ਤੇਰੇ ਕੋਲ ਹੈ’ ਤਾਂ ਉਹਨੇ ਵੀ ਇਹ ਗੱਲ ਦੁਹਰਾ ਦਿੱਤੀ। ਸਭ ਕੋਲੋਂ ਹੀ ਉਸ ਨੂੰ ਇਹੋ ਜਾਣਕਾਰੀ ਮਿਲੀ। ਉਹ ਹੱਥ ਖੜੇ ਕਰ ਗਿਆ।
ਅਸਲੀਅਤ ਇਹ ਹੈ ਕਿ ਵਿਚਾਰੇ ਜਾਨਵਰਾਂ ਨੂੰ ਇਨ੍ਹਾਂ ਗੱਲਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ, ਸਗੋਂ ਚਾਲਾਕ ਆਦਮੀ ਨੇ ਦੂਸਰੇ ਵਿਅਕਤੀਆਂ ਨੂੰ ਠੱਗਣ ਲਈ ਜਾਨਵਰਾਂ ਦੀ ਇਸ ਢੰਗ ਨਾਲ ਵਰਤੋਂ ਕੀਤੀ ਹੋਈ ਹੈ। ਜਰਮਨੀ ਦੇ ਚਿੜੀਆ ਘਰ ਦੇ ਇਕ ਆਕਟੋਪਸ ਪਾਲ ਦਾ ਇਸਤੇਮਾਲ ਵੀ ਫੁੱਟਬਾਲ ਦੇ ਮੈਚਾਂ ਸਮੇਂ ਇਸ ਕੰਮ ਲਈ ਹੋਇਆ ਹੈ। ਇਥੇ ਉਸ ਦੁਆਰਾ ਕੀਤੀਆਂ ਭਵਿੱਖਬਾਣੀਆਂ ਦੇ ਸੱਚੇ ਨਿਕਲਣ ਦਾ ਸੁਆਲ ਹੈ। ਜੇ ਆਕਟੋਪਸ ਦੇ ਸਿਖਾਉਣ ਵਾਲੇ ਨੂੰ ਇਹੋ ਕੰਮ ਲਈ ਵਾਰ-ਵਾਰ ਦੁਹਰਾਉਣ ਲਈ ਕਿਹਾ ਜਾਂਦਾ ਤਾਂ ਉਹ ਕਿਸੇ ਵੀ ਹਾਲਤ ਵਿੱਚ ਕਰ ਨਹੀਂ ਸਕਦਾ ਸੀ। ਅਸਲ ਵਿੱਚ ਸਿਖਾਉਣ ਵਾਲੇ ਕੋਲ ਹਰ ਵਾਰ ਦੋ ਡੱਬਿਆਂ ਵਿੱਚੋਂ ਇਕ ਦੀ ਚੋਣ ਦਾ ਸੁਆਲ ਸੀ, ਜੋ ਉਸ ਨੇ ਟੀਮਾਂ ਬਾਰੇ ਆਪਣੇ ਤਜਰਬੇ ‘ਤੇ ਗਿਆਨ ਰਾਹੀਂ ਕਰਨਾ ਸੀ ਤੇ ਬਹੁਤ ਵਾਰ ਇਹ ਠੀਕ ਹੋ ਨਿੱਬੜਦਾ ਸੀ।

 

 

  • Share/Bookmark