ਪੰਜਾਬ ਪੁਲਿਸ ਦੀ ਨਵੀਂ ਚਿੰਤਾ, ਖਾੜਕੂ ਨਹੀਂ ਵਰਤ ਰਹੇ ਮੋਬਾਈਲ ਫੋਨ
ਚੰਡੀਗੜ੍ਹ,ਪੰਜਾਬ ਵਿਚ ਮੁੜ ਸਰਗਰਮ ਹੋ ਰਹੇ ਅਤਿਵਾਦੀ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਇਕ ਨਵਾਂ ਤਰੀਕਾ ਅਪਣਾ ਰਹੇ ਹਨ। ਉਹ ਹੈ ਮੁਬਾਈਲ ਫੋਨ ਦੀ ਵਰਤੋਂ ਨਾ ਕਰਨਾ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅਤਿਵਾਦੀਆਂ ਵਲੋਂ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਫੜਨਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਇੰਟੈਲੀਜੈਂਸ) ਸੁਰੇਸ਼ ਅਰੋੜਾ ਦੀ ਉਚ ਸੁਰੱਖਿਆ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੇ ਖੁਲਾਸੇ ਤੋਂ ਪਤਾ ਚਲਿਆ ਹੈ ਕਿ ਅਤਿਵਾਦੀਆਂ ਵਲੋਂ ਸੂਬੇ ਵਿਚ ਮੁੜ ਸਰਗਰਮ ਹੋਣ ਤੋਂ ਬਾਅਦ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਸੁਰੱਖਿਆ ਅਧਿਕਾਰੀਆਂ ਲਈ ਇਕ ਵੱਡੀ ਸਿਰਦਰਦੀ ਹੈ। ਇਸ ਗੱਲਬਾਤ ਵਿਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਨਾਲ ਸਬੰਧਤ ਅਤਿਵਾਦੀ ਲੋਕਲ ਮੋਬਾਈਲ ਨੰਬਰ ਨਹੀਂ ਵਰਤ ਰਹੇ ਸਗੋਂ ਉਹ ਆਪਣੇ ਸਾਥੀਆਂ ਨਾਲ ਸੰਪਰਕ ਕਰਨ ਲਈ ਪੀ ਸੀ ਓ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਸੁਰੱਖਿਆ ਏਜੰਸੀਆਂ ਬਹੁਤ ਬੇਵਸ ਮਹਿਸੂਸ ਕਰ ਰਹੀਆਂ ਹਨ। ਇਸ ਕਾਰਨ ਅਤਿਵਾਦੀਆਂ ਦੀ ਸਹੀ ਸਥਿਤੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਹਜ਼ਾਰਾਂ ਐਸ ਟੀ ਡੀ , ਪੀ ਸੀ ਓ ਹੋਣ ਕਾਰਨ ਪੰਜਾਬ ਪੁਲਿਸ ਨੂੰ ਅਤਿਵਾਦੀਆਂ ਦੀ ਪੈੜ ਨੱਪਣ ‘ਚ ਮੁਸ਼ਕਿਲ ਆ ਰਹੀ ਹੈ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਤੋਂ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ, ਪਰ ਜਦੋਂ ਅਤਿਵਾਦੀ ਅਤੇ ਉਨ੍ਹਾਂ ਦੇ ਸਾਥੀ ਪੀ ਸੀ ਓ ਦੀ ਵਰਤੋਂ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਫੜ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਪੰਜਾਬ ਦੇ ਡੀ ਜੀ ਪੀ ਸ. ਪਰਮਦੀਪ ਸਿੰਘ ਗਿੱਲ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਲਿਖੀ ਇਕ ਚਿੱਠੀ ਵਿਚ ਦੱਸਿਆ ਕਿ ਖਾੜਕੂ ਪੰਜਾਬ ਵਿਚ ਮੁੜ
ਸਰਗਰਮੀ ਨਾਲ ਆਪਣੀਆਂ ਗਤੀਵਿਧੀਆਂ ਵਧਾ ਰਹੇ ਹਨ ਅਤੇ ਹੁਣ ਇਸ ਕੰਮ ਲਈ ਇਨ੍ਹਾਂ ਖਾੜਕੂਆਂ ਦਾ ਨਵਾਂ ਕੇਂਦਰ ਮਲੇਸ਼ੀਆ ਹੈ। ਇਥੋਂ ਹੀ ਉਨ੍ਹਾਂ ਨੂੰ ਸਹਾਇਤਾ ਅਤੇ ਸਮਰਥਨ ਮਿਲ ਰਿਹਾ ਹੈ। ਹਾਲ ਦੀਆਂ ਘਟਨਾਵਾਂ ਵਿਚ ਫੜੇ ਗਏ ਘੱਟੋ ਘੱਟ 3 ਖਾੜਕੂਆਂ ਦਾ ਸਬੰਧ ਮਲੇਸ਼ੀਆ ਨਾਲ ਨਿਕਲਿਆ। ਮਲੇਸ਼ੀਆ ਤੋਂ ਇਲਾਵਾ ਇਹ ਖਾੜਕੂ ਨੇਪਾਲ, ਪਾਕਿਸਤਾਨ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਵੀ ਖਾੜਕੂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ।