This option will reset the home page of Nava Panga Online restoring closed widgets and categories.

Reset Nava Panga Online homepage

ਇਸਲਾਮਾਬਾਦ ਨੇੜੇ ਜਹਾਜ਼ ਹਾਦਸਾ, ਸਾਰੇ 152 ਸਵਾਰ ਹਲਾਕ

 

ਇਸਲਾਮਾਬਾਦ, 28 ਜੁਲਾਈ (ਨਵਾਂਪੰਗਾਂ ਨਿਉਜ਼ ਸਰਵਿਸ): ਖਰਾਬ ਮੌਸਮ ਕਾਰਨ ਅੱਜ ਇਸਲਾਮਾਬਾਦ ਦੇ ਨੇੜੇ ਸੰਘਣੇ ਜੰਗਲਾਂ ਵਾਲੇ ਮਰਗੱਲਾ ਹਿਲਜ਼ ਨਾਲ ਟਕਰਾਅ ਕੇ ਇਕ ਪਾਕਿਸਤਾਨੀ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ 150 ਤੋਂ ਵੱਧ ਲੋਕ ਸਵਾਰ ਸਨ। ਪੁਲਿਸ ਅਤੇ ਸਰਕਾਰੀ ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿੱਜੀ ਏਅਰਲਾਈਨਜ਼ ਕੰਪਨੀ ਏਅਰ ਬਲੂ ਦਾ ਏਅਰਬਸ ਜਹਾਜ਼ ਅੱਜ ਸਵੇਰੇ ਮਰਗੱਲਾ ਹਿਲਜ਼ ‘ਤੇ ਦਾਮਨ ਏ ਕੋਹ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਕਿਸਤਾਨ ਦੇ ਨਾਗਰਿਕ ਉਡਾਣ ਬੋਰਡ ਦੇ ਬੁਲਾਰੇ ਪ੍ਰਵੇਜ਼ ਜਾਰਜ ਨੇ ਕਿਹਾ ਕਿ ਤੁਰਕੀ ਤੋਂ ਕਰਾਚੀ ਦੇ ਰਸਤਿਓਂ ਇਸਲਾਮਾਬਾਦ ਜਾ ਰਿਹਾ ਜਹਾਜ਼ ਉਤਰਨ ਦੀ ਤਿਆਰੀ ਕਰ ਰਿਹਾ ਸੀ, ਉਦੋਂ ਪਹਾੜੀ ਨਾਲ ਟਕਰਾਅ ਗਿਆ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ 146 ਮੁਸਾਫ਼ਿਰ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਜਾਰਜ ਅਨੁਸਾਰ ਜਹਾਜ਼ ਦੀ ਲੈਂਡਿੰਗ ਵਿਚ ਕੁੱਝ ਸਮੱਸਿਆ ਆ ਗਈ। ਪਿਛਲੇ ਕੁੱਝ ਦਿਨਾਂ ਵਿਚ ਇਸਲਾਮਾਬਾਦ ਵਿਚ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਸ਼ਹਿਰ ਦੇ ਆਲੇ ਦੁਆਲੇ ਧੁੰਦ ਅਤੇ ਬੱਦਲ ਛਾਏ ਹੋਏ ਹਨ। ਸਰਕਾਰੀ ਬਚਾਅ ਸੇਵਾ ਰੈਸਕਿਊ 1122 ਦੇ ਇਕ ਬੁਲਾਰੇ ਨੇ ਕਿਹਾ ਕਿ ਹਾਦਸਾ ਉਸ ਇਲਾਕੇ ਵਿਚ ਹੋਇਆ ਜਿਥੇ ਸੜਕੀ ਮਾਰਗ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ। ਬਚਾਅ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੱਕ ਪਹੁੰਚਣ ਲਈ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਭਾਰੀ ਬਾਰਿਸ਼ ਵੀ ਬਚਾਅ ਕਾਰਜਾਂ ਵਿਚ ਵਿਘਨ ਪਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਫੌਜ ਦੇ ਉਡਾਣ ਸੈਲ ਅਤੇ ਅਤਿਵਾਦ ਵਿਰੋਧੀ ਇਕਾਈ ਤੋਂ ਹੈਲੀਕਾਪਟਰ ਮੰਗੇ ਹਨ। ਇਸ ਇਲਾਕੇ ਦੀ ਕਠਿਨਾਈ ਦੇ ਕਾਰਨ ਘੱਟੋ ਘੱਟ 8 ਤੋਂ 10 ਹੈਲੀਕਾਪਟਰਾਂ ਦੀ ਲੋੜ ਹੈ। ਫੌਜ ਦੇ ਇਕ ਹੈਲੀਕਾਪਟਰ ਨੇ ਸਵੇਰੇ 10.30 ਵਜੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਪਰ ਉਹ ਉਥੇ ਉਤਰ ਨਹੀਂ ਸਕਿਆ। ਮੀਡੀਆ ਸੂਤਰਾਂ ਅਨੁਸਾਰ ਜਹਾਜ਼ ਵਿਚੋਂ ਕਿਸੇ ਦੇ ਵੀ ਜ਼ਿੰਦਾ ਬਚੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਖ਼ਬਰ ਲਿਖੇ ਜਾਣ ਤੱਕ ਮੌਕੇ ਤੋਂ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਸਥਾਨਕ ਮੀਡੀਆ ਅਨੁਸਾਰ ਲਾਸ਼ਾਂ ਦੂਰ ਦੂਰ ਤੱਕ ਪਹਾੜੀ ‘ਤੇ ਖਿੰਡੀਆਂ ਹੋਈਆਂ ਹਨ। ਹਾਦਸੇ ਕਾਰਨ ਕਾਫ਼ੀ ਵੱਡੇ ਇਲਾਕੇ ਵਿਚ ਅੱਗ ਵੀ ਲੱਗੀ ਹੋਈ ਹੈ। ਨਾਗਰਿਕ ਉਡਾਣ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਹਾਦਸੇ ਤੋਂ ਕੁੱਝ ਚਿਰ ਪਹਿਲਾਂ ਰਾਡਾਰ ਸਕਰੀਨ ਤੋਂ ਗਾਇਬ ਹੋ ਗਿਆ ਸੀ। ਜਹਾਜ਼ ਨੇ ਸਵੇਰੇ 7.50 ਵਜੇ ਕਰਾਚੀ ਤੋਂ ਉਡਾਣ ਭਰੀ ਸੀ। ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਹਾਜ਼ ਦੇ ਮਲਬੇ ਵਿਚ ਅੱਗ ਲੱਗੀ ਦੇਖੀ। ਅਧਿਕਾਰੀਆਂ ਨੇ ਇਸਲਾਮਾਬਾਦ ਦੇ ਸਾਰੇ ਹਸਪਤਾਲਾਂ ਵਿਚ ਸੰਕਟਕਾਲ ਦਾ ਐਲਾਨ ਕਰ ਦਿੱਤਾ ਹੈ

  • Share/Bookmark