ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਦਾਅਵਤ ਠੁਕਰਾਈ
ਨਵੀਂ ਦਿੱਲੀ, ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ ) : ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਦੇ ਬਹਾਨੇ ਨਰੇਂਦਰ ਮੋਦੀ ਸਰਕਾਰ ਦੇ ਖਿਲਾਫ਼ ਸੀ.ਬੀ.ਆਈ. ਦੀ ਮੁੜ ਤੋਂ ਸਿਆਸੀ ਦੁਰਵਰਤੋਂ ਕਰਨ ਦਾ ਕੇਂਦਰ ‘ਤੇ ਦੋਸ਼ ਲਵਾਉਂਦਿਆਂ ਭਾਜਪਾ ਦੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਦਾਅਵਤ ਦੇ ਸੱਦੇ ਨੂੰ ਅੱਜ ਠੁਕਰਾ ਦਿੱਤਾ। ਭਾਜਪਾ ਸੰਸਦੀ ਦਲ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦੀ ਰਿਹਾਇਸ਼ ‘ਤੇ ਅੱਜ ਸਵੇਰੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ, ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਦੀ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਦੁਪਹਿਰ ਦੇ ਖਾਣੇ ‘ਤੇ ਇਹਨਾਂ ਚਾਰ ਆਗੂਆਂ ਨੂੰ ਸੱਦਾ ਦਿੱਤਾ ਸੀ। ਬੈਠਕ ਤੋਂ ਬਾਅਦ ਸੁਸ਼ਮਾ ਅਤੇ ਜੇਤਲੀ ਨੇ ਭਾਜਪਾ ਹੈੱਡਕੁਆਰਟਰ ‘ਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਪਾਰਟੀ ਦੇ ਇਸ ਫੈਸਲੇ ਦਾ ਰਸਮੀ ਐਲਾਨ ਕੀਤਾ। ਵਿਰੋਧੀ ਧਿਰ ਦੀ ਆਗੂ ਸਵਰਾਜ ਨੇ ਕਿਹਾ ਕਿ ਗੁਜਰਾਤ ਵਿਚ ਸੀ.ਬੀ.ਆਈ. ਦੀ ਮੁੜ ਤੋਂ ਦੁਰਵਰਤੋਂ ਸ਼ੁਰੂ ਕਰਕੇ ਜਿਸ ਤਰ੍ਹਾਂ ਨਾਲ ਵਾਤਾਵਰਣ ਨੂੰ ਗੰਧਲਾ ਕੀਤਾ ਗਿਆ ਹੈ, ਉਸ ਵਿਚ ਸਾਡੇ ਲਈ
ਪ੍ਰਧਾਨ ਮੰਤਰੀ ਦੀ ਦਾਅਵਤ ਵਿਚ ਜਾਣਾ ਸੰਭਵ ਨਹੀਂ ਹੈ। ਉਹਨਾਂ ਦੱਸਿਆ ਕਿ ਅਡਵਾਨੀ ਨੇ ਕੱਲ੍ਹ ਹੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਗੁਜਰਾਤ ਵਿਚ ਜਿਸ ਤਰ੍ਹਾਂ ਮੁੜ ਸੀ.ਬੀ.ਆਈ. ਦੀ ਦੁਰਵਰਤੋਂ ਸ਼ੁਰੂ ਹੋ ਗਈ ਹੈ, ਉਸ ਦੇ ਚੱਲਦਿਆਂ ਸਾਡੇ ਲਈ ਪ੍ਰਧਾਨ ਮੰਤਰੀ ਦੇ ਭੋਜਨ ਵਿਚ ਜਾਣਾ ਸੰਭਵ ਨਹੀਂ ਹੈ ਅਤੇ ਅਸੀਂ ਇਸ ਨੂੰ ਠੁਕਰਾਉਂਦੇ ਹਾਂ