ਜਾਸੂਸ ਮਾਧੁਰੀ ਗੁਪਤਾ ਤਾਂ ਜਮਸ਼ੇਦ ਨਾਲ ਵਿਆਹ ਦੀ ਤਿਆਰੀ ‘ਚ ਸੀ
ਨਵੀਂ ਦਿੱਲੀ, ਜੁਲਾਈ (ਪੀ ਟੀ ਐਨ ਮੀਡੀਆ)- ਦਿੱਲੀ ਦੀ ਇਕ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਡਿਪਲੋਮੈਟ ਮਾਧੁਰੀ ਗੁਪਤਾ ਦੀ ਜੁਡੀਸ਼ੀਅਲ ਹਿਰਾਸਤ ਕੱਲ੍ਹ 3 ਦਿਨ ਲਈ ਵਧਾ ਦਿੱਤੀ। ਉਸ ‘ਤੇ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੂੰ ਨਾਜ਼ੁਕ ਸੂਚਨਾਵਾਂ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਛੁੱਟੀ ‘ਤੇ ਹੋਣ ਕਾਰਨ ਲਿੰਕ ਮੈਜਿਸਟ੍ਰੇਟ ਗੀਤਾਂਜਲੀ ਨੇ ਮਾਧੁਰੀ ਦੀ ਜੁਡੀਸੀਅਲ ਹਿਰਾਸਤ 24 ਜੁਲਾਈ ਤੱਕ ਵਧਾ ਦਿੱਤੀ। ਹੁਣ ਅਦਾਲਤ ਵਲੋਂ 24 ਜੁਲਾਈ ਨੂੰ ਚਾਰਜਸ਼ੀਟ ‘ਤੇ ਵਿਚਾਰ ਕੀਤੇ ਜਾਣ ਦੀ ਆਸ ਹੈ। ਇਸਲਾਮਾਬਾਦ ‘ਚ ਆਈ ਐਫ ਐਸ ਦੇ ਗ੍ਰੇਡ ਬੀ ਦੀ ਹੈਸੀਅਤ ਵਿੱਚ ਆਪਣੇ ਕਾਰਜਕਾਲ ਦੌਰਾਨ ਆਈ ਐਸ ਆਈ ਨੂੰ ਗੁਪਤ ਸੂਚਨਾਵਾਂ ਪੁਚਾਉਣ ਲਈ ਦਿੱਲੀ ਪੁਲਸ ਨੇ ਉਸ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ ਮਾਧੁਰੀ ਦੇ ਈ-ਮੇਲ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਜਮਸ਼ੇਦ ਅਤੇ ਮੁਬੱਸ਼ਰ ਰਾਣਾ ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀਆ ਨੂੰ ਜਾਣਕਾਰੀਆਂ ਮੁਹੱਈਆ ਕਰਵਾਉਂਦੀ ਸੀ। ਉਸ ਦੀ ਯੋਜਨਾ ਜਮਸ਼ੇਦ ਨਾਲ ਵਿਆਹ ਕਰਵਾਉਣ ਦੀ ਸੀ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਈ-ਮੇਲ ਤੋਂ ਪਤਾ ਲੱਗਦਾ ਹੈ ਕਿ ਉਹ ਜਮਸ਼ੇਦ ਨਾਲ ਪਿਆਰ ਕਰਦੀ ਸੀ। ਦੋਵਾਂ ਦੇ ਵਿਆਹ ਦੀ ਯੋਜਨਾ ਸੀ। ਜਮਸ਼ੇਦ (ਜਿਮ) ਪਾਕਿਸਤਾਨੀ ਸ਼ਹਿਰੀ ਹੈ। ਚਾਰਜਸ਼ੀਟ ਲਈ ਪੁਲਸ ਨੇ ਦਾਅਵਾ ਕੀਤਾ ਹੈ ਕਿ ਅਖਬਾਰ ‘ਜੰਗ’ ਦੇ ਪੱਤਰਕਾਰਾਂ ਜਾਵੇਦ ਰਾਸ਼ਿਦ ਅਤੇ ਰਾਣਾ ਨੇ ਜਮਸ਼ੇਦ ਨਾਲ ਉਸ ਦੀ ਜਾਣ-ਪਛਾਣ ਕਰਵਾਈ, ਜਿਸ ਤੋਂ ਬਾਅਦ ਉਹ ਦੋਵਾਂ ਦੇ ਸੰਪਰਕ ਵਿੱਚ ਸੀ।
ਰਾਣਾ ਨੇ ਉਸ ਦੇ ਲਈ ਇਕ ਈ-ਮੇਲ ਆਈ ਡੀ ਬਣਾਈ ਅਤੇ ਉਸ ਨੂੰ ਇਸ ਖਾਸ ਈ-ਮੇਲ ਆਈ ਡੀ ਵਿੱਚ ਸੂਚਨਾਵਾਂ ਭੇਜਣ ਲਈ ਕਿਹਾ। ਚਾਰਜਸ਼ੀਟ ‘ਚ ਉਸ ਕੋਲ ਇਕ ਸਿਮ ਕਾਰਡ ਅਤੇ ਪਾਕਿਸਤਾਨੀ ਸਿਮ ਕਾਰਡ ਵਾਲੇ ਬਲੈਕਬੇਰੀ ਫੋਨ ਤੋਂ ਇਲਾਵਾ 2 ਮੋਬਾਈਲ ਫੋਨ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮਾਧੁਰੀ ਵਿਰੁੱਧ ਦੋਸ਼ ਤੈਅ ਕਰਨ ਦੇ ਸੰਬੰਧ ਵਿੱਚ 30 ਗਵਾਹਾਂ ਦਾ ਜ਼ਿਕਰ ਕੀਤਾ ਹੈ