This option will reset the home page of Nava Panga Online restoring closed widgets and categories.

Reset Nava Panga Online homepage

ਉਤਰਬੰਗਾ ਤੇ ਵਨਾਂਚਲ ਐਕਸਪ੍ਰੈਸ ਭਿੜੀਆਂ, 60 ਮਰੇ

Print E-mail
ਸੈਂਥੀਆ,  ਜੁਲਾਈ : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਅੱਜ ਸਵੇਰੇ ਉਤਰ ਬੰਗਾ ਐਕਸਪ੍ਰੈਸ ਨੇ ਸੈਂਥੀਆ ਰੇਲਵੇ ਸਟੇਸ਼ਨ ‘ਤੇ ਖੜ੍ਹੀ ਭਾਗਲਪੁਰ-ਰਾਂਚੀ ਵਨਾਂਚਲ ਐਕਸਪ੍ਰੈਸ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਵਿਚ ਰੇਲਵੇ ਦੇ ਤਿੰਨ ਕਰਮਚਾਰੀਆਂ ਸਮੇਤ 60 ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ।  ਹਾਦਸਾ ਸਵੇਰੇ 2.15 ਵਜੇ ਹਾਵੜਾ ਤੋਂ 191 ਕਿਲੋਮੀਟਰ ਦੂਰ ਸੈਂਥੀਆ ਸਟੇਸ਼ਨ ‘ਤੇ ਹੋਇਆ। ਮਾਰੇ ਗਏ ਲੋਕਾਂ ਵਿਚ ਉਤਰ ਬੰਗਾ ਐਕਸਪ੍ਰੇਸ ਦਾ ਡਰਾਈਵਰ ਐਮ.ਸੀ. ਡੇਅ ਅਤੇ ਸਹਿ ਡਰਾਈਵਰ ਐਨ.ਕੇ. ਮੰਡਲ ਅਤੇ ਵਨਾਂਚਲ ਐਕਸਪ੍ਰੈਸ ਦਾ ਇਕ ਸੁਰੱਖਿਆ ਗਾਰਡ ਏ. ਮੁਖਰਜੀ ਵੀ ਸ਼ਾਮਲ ਹੈ। ਰੇਲ ਅਧਿਕਾਰੀਆਂ ਨੇ ਹਾਦਸੇ ਪਿਛੇ ਤੋੜਫੋੜ ਦੇ ਸ਼ੰਕੇ ਤੋਂ ਵੀ ਇਨਕਾਰ ਨਹੀਂ ਕੀਤਾ। ਦੋਵਾਂ ਰੇਲਾਂ ਵਿਚ ਟੱਕਰ ਇੰਨੀ ਜ਼ੋਰਦਾਰ ਸੀ ਕਿ ਵਨਾਂਚਲ ਐਕਸਪ੍ਰੈਸ ਦੇ ਇਕ ਡੱਬੇ ਦੀ ਛੱਤ ਅਤੇ ਉਸਦੇ ਕਿਨਾਰੇ ਓਵਰ ਬ੍ਰਿਜ ‘ਤੇ ਚੜ੍ਹ ਗਏ। ਵਨਾਂਚਲ ਐਕਸਪ੍ਰੈਸ ਦੇ ਇਕ ਹੋਰ ਡੱਬੇ ਦਾ ਇਕ ਹਿੱਸਾ ਟੁੱਟ ਗਿਆ ਅਤੇ ਰੋਡ ਓਵਰ ਬ੍ਰਿਜ ਤੋਂ ਅੱਗੇ ਜਾ ਪਟੜੀ ਦੇ ਨੇੜੇ ਸੜਕ ‘ਤੇ ਜਾ ਡਿੱਗਿਆ। ਵਨਾਂਚਲ ਐਕਸਪ੍ਰੈਸ ਦਾ ਪਿਛਲਾ ਲਗੇਜ ਵੈਨ ਅਤੇ ਦੋ ਅਣਰਾਖਵੇਂ ਦੂਜੀ ਸ੍ਰੈਣੀ ਦੇ ਡੱਬਿਆਂ ਵਿਚ ਤਿੰਨ ਕੋਚ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।  ਹੁਣ ਤੱਕ ਬਰਾਮਦ ਸਾਰੀਆਂ ਲਾਸ਼ਾਂ ਨੂੰ ਸੂਰੀ  ਸਥਿਤ ਜ਼ਿਲ੍ਹਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਹਾਦਸੇ ਵਾਲੀ ਥਾਂ ‘ਤੇ ਪੰਜ ਮੈਡੀਕਲ ਟੀਮਾਂ ਪਹੁੰਚ ਚੁੱਕੀਆਂ ਹਨ। ਪੂਰਬੀ ਰੇਲਵੇ ਦੇ ਮੁੱਖ ਸੁਰੱਖਿਆ ਕਮਿਸ਼ਨਰ ਐਸ ਸਾਹੂ ਨੇ ਦੱਸਿਆ ਕਿ ਤਕਰੀਬਨ 150 ਜ਼ਖ਼ਮੀ ਵਿਅਕਤੀਆਂ ਨੂੰ ਸੂਰੀ ਤੇ ਸੈਂਥੀਆ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਇਸ ਰੇਲ ਸੈਕਸ਼ਨ ‘ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਮਾਲਦਾ-ਹਾਵੜਾ ਇੰਟਰਸਿਟੀ ਐਕਸਪ੍ਰੈਸ ਸਮੇਤ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪੂਰਬੀ ਰੇਲ ਦੇ ਜਨਰਲ ਮੈਨੇਜਰ ਵੀ.ਐਨ. ਤ੍ਰਿਪਾਠੀ ਅਨੁਸਾਰ ਇਸ ਗੱਲ ਦੀ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ ਕਿ ਦੋਵੇਂ ਰੇਲ ਗੱਡੀਆਂ ਇਕੋ ਰੇਲਵੇ ਲਾਈਨ ‘ਤੇ ਕਿਵੇਂ ਆ ਗਈਆਂ। ਇਹ ਗਿਆਨੇਸ਼ਵਰੀ ਐਕਸਪ੍ਰੈਸ ਦੇ ਪਟੜੀਓਂ ਉਤਰਨ ਦੀ ਘਟਨਾ ਤੋਂ 52 ਦਿਨ ਤੋਂ ਬਾਅਦ ਹੋਇਆ। ਪੱਛਮੀ ਮਿਦਨਾਪੁਰ ਜ਼ਿਲ੍ਹੇ ਵਿਚ ਗਿਆਨੇਸ਼ਵਰੀ ਐਕਸਪ੍ਰੈਸ ਦੇ ਹਾਦਸਾਗ੍ਰਸਤ ਹੋਣ ਨਾਲ 148 ਲੋਕ ਮਾਰੇ ਗਏ ਸਨ। 
ਰੇਲਵੇ ਮੰਤਰੀ ਮਮਤਾ ਬੈਨਰਜੀ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕਰਦਿਆਂ ਦੱਸਿਆ ਕਿ ਮਾਰੇ ਗਏ ਹਰੇਕ ਵਿਅਕਤੀ ਦੇ ਨੇੜਲੇ ਸਬੰਧੀ ਨੂੰ ਪੰਜ ਲੱਖ ਰੁਪਏ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ। ਗੰਭੀਰ ਰੂਪ ਵਿਚ ਜ਼ਖ਼ਮੀ ਵਿਅਕਤੀ ਨੂੰ ਇਕ ਲੱਖ ਰੁਪਏ ਅਤੇ ਮਾਮੂਲੀ ਰੂਪ ‘ਚ ਜ਼ਖ਼ਮੀ ਵਿਅਕਤੀ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਰੇਲ ਮੰਤਰੀ ਨੇ ਹਾਦਸੇ ਵਾਲੀ ਥਾਂ ਲਈ ਰਵਾਨਾਂ ਹੋਣ ਤੋਂ ਪਹਿਲਾਂ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ। ਲੋਕਾਂ ਦੀਆਂ ਜਾਨਾਂ ਬੇਹੱਦ ਮਹੱਤਵਪੂਰਨ ਹਨ ਅਤੇ ਸਾਨੂੰ ਇਸ ਹਾਦਸੇ ‘ਤੇ ਡੂੰਘਾ ਦੁੱਖ ਹੈ। ਦੋ ਮਹੀਨੇ ਅੰਦਰ ਪੱਛਮੀ ਬੰਗਾਲ ਵਿਚ ਇਹ ਦੂਜਾ ਹਾਦਸਾ ਹੈ। ਹਾਦਸੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਫ਼ਤ ਰਾਹਤ ਬਲ ਦੀਆਂ ਪੰਜ ਟੀਮਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਹੈ। ਮੰਤਰਾਲੇ ਵਲੋਂ ਮੌਕੇ ‘ਤੇ ਭੇਜੀਆਂ ਟੀਮਾਂ ਵਿਚ ਕੁੱਲ 140 ਬਚਾਅ ਕਾਮੇ ਹਨ। ਇਨ੍ਹਾਂ ਵਿਚੋਂ ਤਿੰਨ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਜਦੋਂ ਕਿ ਦੋ ਰਵਾਨਾ ਹੋ ਚੁੱਕੀਆਂ ਹਨ।
  • Share/Bookmark