ਰੁਪਏ ਨੂੰ ਮਿਲੀ ਨਵੀਂ ਪਛਾਣਭਾਰਤੀ ਮੁਦਰਾ ਦੇ ਚਿੰਨ੍ਹ ਨੂੰ ਮਿਲੀ ਕੈਬਨਿਟ ਦੀ ਮਨਜੂਰੀ
ਨਵੀਂ ਦਿੱਲੀ, ਜੁਲਾਈ (ਨਵਾਂ ਪੰਗਾਂ ਨਿਉਜ਼ ਸਰਵਿਸ ): ਅਮਰੀਕੀ ਡਾਲਰ, ਜਪਾਨੀ ਯੈਨ, ਬ੍ਰਿਟਿਸ਼ ਪੌਂਡ ਅਤੇ ਯੂਰਪੀ ਸੰਘ ਦੇ ਯੂਰੋ ਵਾਂਗ ਹੁਣ ਭਾਰਤੀ ਰੁਪਏ ਦਾ ਵੀ ਆਪਣਾ ਚਿੰਨ੍ਹ ਹੋਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਅੱਜ ਸਵੇਰੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਮਹੱਤਵਪੂਰਨ ਫੈਸਲਾ ਕਰਦਿਆਂ ਰੁਪਏ ਦੇ ਚਿੰਨ੍ਹ ਨੂੰ ਮਨਜੂਰੀ ਦਿੱਤੀ ਗਈ। ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਚਿੰਨ੍ਹ ਨੂੰ ਯੂਨੀਕੋਡ ਮਾਪਦੰਡ, ਆਈ ਐਸ ਓ-ਆਈ ਈ ਸੀ 10646 ਅਤੇ ਆਈ.ਐਸ. 13194 ਵਿਚ ਸ਼ਾਮਲ ਕਰਨ ਤੋਂ ਬਾਅਦ ਇਸ ਦੀ ਵਰਤੋਂ ਭਾਰਤ ਦੇ ਅੰਦਰ ਅਤੇ ਬਾਹਰ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਰੁਪਏ ਦਾ ਚਿੰਨ੍ਹ ਭਾਰਤੀ ਮੁਦਰਾ ਦੀ ਪਛਾਣ ਕਾਇਮ ਕਰੇਗਾ ਅਤੇ ਭਾਰਤੀ ਵਿੱਤ ਵਿਵਸਥਾ ਦੀ ਤੇਜ਼ੀ ਤੇ ਮਜ਼ਬੂਤੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਨਾਲ ਹੀ ਇਹ ਭਾਰਤ ਨੂੰ ਕੌਮਾਂਤਰੀ ਨਿਵੇਸ਼ ਦੀ ਤਰਜੀਹੀ ਮੰਜ਼ਿਲ ਦੇ ਰੂਪ ਵਿਚ ਅੱਗੇ ਵਧਾਉਣ ਵਿਚ ਵੀ ਸਹਾਈ ਸਿੱਧ ਹੋਵੇਗਾ।ਅੰਬਿਕਾ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਦੇ ਨਵੀਆਂ ਉਚਾਈਆਂ ‘ਤੇ ਪਹੁੰਚਣ ਅਤੇ ਕੌਮਾਂਤਰੀ ਅਰਥ ਵਿਵਸਥਾ ਨਾਲ ਏਕੀਕ੍ਰਿਤ ਹੋਣ ਅਤੇ ਭਾਰਤ ਦੇ ਕੌਮਾਂਤਰੀ ਨਿਵੇਸ਼ ਦਾ ਪ੍ਰਮੁੱਖ ਟੀਚਾ ਬਣਨ ਦੇ ਮੱਦੇਨਜ਼ਰ ਭਾਰਤੀ ਰੁਪਏ ਦਾ ਇਕ ਚਿੰਨ੍ਹ ਵਿਕਸਤ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਹੈ। ਅੰਬਿਕਾ ਨੇ ਕਿਹਾ ਕਿ ਚਿੰਨ੍ਹ ਦੀ ਐਨਕੋਡਿੰਗ ਤੋਂ ਬਾਅਦ ਨਾਸਕਾਮ ਰੁਪਏ ਨੂੰ ਸਾਫਟਵੇਅਰ ਵਿਚ ਸ਼ਾਮਲ ਕਰਨ ਲਈ ਭਾਰਤੀ ਸਾਫਟਵੇਅਰ ਵਿਕਾਸ ਕੰਪਨੀਆਂ ਨਾਲ ਸੰਪਰਕ ਬਣਾਏਗਾ ਤਾਂ ਜੋ ਦੁਨੀਆਂ ਭਰ ਵਿਚ ਕੰਪਿਊਟਰ ਦੀ ਵਰਤੋਂ ਕਰਨ ਵਾਲੇ ਲੋਕ ਇਸ ਦੀ ਅਸਾਨੀ ਨਾਲ ਵਰਤੋਂ ਕਰ ਸਕਣ। ਭਾਵੇਂ ਇਹ ਚਿੰਨ੍ਹ ਕੀ-ਬੋਰਡ ਉਤੇ ਨਾ ਬਣਿਆ ਹੋਵੇ ਯੂਰੋ ਦਾ ਨਿਸ਼ਾਨ ਭਾਰਤ ਵਿਚ ਵਰਤੇ ਜਾਣ ਵਾਲੇ ਕੀ-ਬੋਰਡ ਵਿਚ ਨਹੀਂ ਹੈ ਪਰ ਉਸਦੀ ਵਰਤੋਂ ਇਥੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਣਨ ਵਾਲੇ ਕੀ-ਬੋਰਡ ਵਿਚ ਇਸ ਚਿੰਨ੍ਹ ਨੂੰ ਸ਼ਾਮਲ ਕਰਨ ਲਈ ਸੂਚਨਾ ਤਕਨੀਕ ਨਿਰਮਾਤਾ ਐਸੋਸੀਏਸ਼ਨ ਚਿੰਨ੍ਹ ਦੀ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਸ ਨੂੰ ਕੀ-ਬੋਰਡ ਵਿਚ ਸ਼ਾਮਲ ਕਰਨ ਦੀ ਪਹਿਲ ਕਰੇਗਾ