This option will reset the home page of Nava Panga Online restoring closed widgets and categories.

Reset Nava Panga Online homepage

ਕੁਰੈਸ਼ੀ ਨੂੰ ਮਿਲੇ ਕ੍ਰਿਸ਼ਨਾਅਤਿਵਾਦ ‘ਤੇ ਪ੍ਰਗਟਾਈ ਚਿੰਤਾ

ਇਸਲਾਮਾਬਾਦ,  (ਨਵਾਂ ਪੰਗਾਂ ਨਿਉਜ਼ ਸਰਵਿਸ): ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਭਰੋਸਾ ਬਹਾਲੀ ਅਤੇ ਦੁਵੱਲੇ ਸਬੰਧਾਂ ਵਿਚ ਵਿਸ਼ਵਾਸ ਵਧਾਉਣ ਦੇ ਮਕਸਦ ਨਾਲ ਅੱਜ ਮੁਲਾਕਾਤ ਕੀਤੀ। ਭਾਰਤ ਨੇ ਡੇਵਿਡ ਹੈਡਲੀ ਵਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਅਧਾਰ ‘ਤੇ ਮੁੰਬਈ ਹਮਲਿਆਂ ਵਿਚ ਸ਼ਾਮਲ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਤਿੰਨ ਰੋਜ਼ਾ ਯਾਤਰਾ ‘ਤੇ ਬੁੱਧਵਾਰ ਨੂੰ ਪਾਕਿਸਤਾਨ ਪਹੁੰਚੇ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਅੱਜ ਪਾਕਿਸਤਾਨੀ ਹਮ ਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮਿਲੇ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਅਤਿਵਾਦ ਸਮੇਤ ਦੋ ਪੱਖੀ ਸਬੰਧਾਂ ‘ਤੇ ਚਰਚਾ ਕੀਤੀ। ਕ੍ਰਿਸ਼ਨਾ ਅਤੇ ਕੁਰੈਸ਼ੀ ਨਾਲ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਦੇਸ਼ ਸਕੱਤਰ ਨਿਰੁਪਮਾ ਰਾਓ ਅਤੇ ਵਿਦੇਸ਼ ਮੰਤਰਾਲੇ ਵਿਚ ਪਾਕਿਸਤਾਨੀ ਮਾਮਲਿਆਂ ਦੇ ਜਾਇੰਟ ਸਕੱਤਰ ਯਸ਼ ਸਿਨਹਾ ਕ੍ਰਿਸ਼ਨਾ ਦੀ ਟੀਮ ਦਾ ਹਿੱਸਾ ਸਨ। ਉਧਰ ਪਾਕਿਸਤਾਨੀ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਅਤੇ ਬੁਲਾਰੇ ਅਬਦੁਲ ਬਾਸਿਤ ਕੁਰੈਸ਼ੀ ਦੇ ਵਫਦ ਦਾ ਭਾਗ ਸਨ। ਸਾਲ 2008 ਵਿਚ ਮੁੰਬਈ ਹਮਲਿਆਂ ਤੋਂ ਬਾਅਦ ਵਿਦੇਸ਼ ਮੰਤਰੀਆਂ ਵਿਚਾਲੇ ਇਹ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਸਤੰਬਰ ਵਿਚ ਨਿਊਯਾਰਕ ਵਿਚ ਮਿਲੇ ਸਨ। ਕ੍ਰਿਸ਼ਨਾ ਨੇ ਮੁਲਾਕਾ ਤੋਂ ਪਹਿਲਾਂ ਕਿਹਾ ਸੀ ਕਿ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਮੌਜੂਦ ਕਾਫ਼ੀ ਸਬੂਤਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਠੋਸ ਸਰੂਪ ਦੇ ਹਨ ਅਤੇ ਜ਼ਿਕਰ ਕੀਤਾ ਕਿ ਜਿਹਾਦੀ ਆਗੂਆਂ ਦੇ ਭੜਕਾਊ ਭਾਸ਼ਣ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਸਾਬਤ ਨਹੀਂ ਹੋਣਗੇ। ਇਹ ਜ਼ਿਕਰ ਕਰਦਿਆਂ ਕਿ ਲਸ਼ਕਰ ਦੇ ਕਮਾਂਡਰ ਜ਼ਕੀ ਉਰ ਰਹਿਮਾਨ ਲਖਵੀ ਦੇ ਸਮੇਤ ਮੁੰਬਈ ਹਮਲਿਆਂ ਦੇ ਸੱਤ ਦੋਸ਼ੀਆਂ ‘ਤੇ ਮੁਕੱਦਮਾ ਬੇਹੱਦ ਹੌਲੀ ਰਫ਼ਤਾਰ ਨਾਲ ਚਲ ਰਿਹਾ ਹੈ, ਭਾਰਤ ਨੇ ਸਪਸ਼ਟ ਕੀਤਾ ਕਿ ਉਹ ਮੁਕੱਦਮੇ ਵਿਚ ਤੇਜ਼ ਅਤੇ ਸਫ਼ਲ ਨਤੀਜੇ ਦੇਖਣਾ ਚਾਹੇਗਾ। ਕ੍ਰਿਸ਼ਨਾ ਵਲੋਂ ਹੈਡਲੀ ਮਾਮਲੇ ਨੂੰ ਮਹੱਤਵ ਦੇਣਾ ਭਾਰਤੀ ਗ੍ਰਹਿ ਸਕੱਤਰ ਜੀ.ਕੇ. ਪਿਲੱਈ ਦੀ ਟਿੱਪਣੀ ਦੀ ਪਿੱਠ ਭੂਮੀ ਵਿਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਹੈਡਲੀ ਤੋਂ ਹੋਈ ਪੁੱਛਗਿਛ ਦੌਰਾਨ ਪਤਾ ਚਲਿਆ ਹੈ ਕਿ ਆਈ ਐਸ ਆਈ ਅਤੇ ਲਸ਼ਕਰ ਮੁਖੀ ਹਾਫ਼ਿਜ਼ ਸਈਦ ਨੇ ਮੁੰਬਈ ਹਮਲਿਆਂ ਵਿਚ ਉਸ ਨਾਲੋਂ ਵੀ ਵੱਧ ਭੂਮਿਕਾ ਨਿਭਾਈ ਸੀ ਜਿੰਨਾ ਕਿ ਪਹਿਲਾਂ ਮੰਨਿਆ ਜਾ ਰਿਹਾ ਸੀ।

  • Share/Bookmark