This option will reset the home page of Nava Panga Online restoring closed widgets and categories.

Reset Nava Panga Online homepage

ਵਿਦੇਸ਼ ਮੰਤਰੀ ਪਾਕਿਸਤਾਨ ਪੁੱਜੇ

 

ਭਾਰਤ ਸ਼ਾਂਤੀਪੂਰਨ ਢੰਗ ਨਾਲ ਸਾਰੇ ਮੁੱਦਿਆਂ ਦੇ ਹੱਲ ਲਈ ਵਚਨਬੱਧ : ਕ੍ਰਿਸ਼ਨਾ
‘ਸਖ਼ਤ ਕਦਮ ਨਾ ਚੁੱਕੇ ਤਾ ਗੱਲਬਾਤ ਨਹੀਂ’
ਇਸਲਾਮਾਬਾਦ, ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਹਿੱਸਾ ਲੈਣ ਲਈ ਅੱਜ ਪਾਕਿਸਤਾਨ ਪਹੁੰਚੇ। ਕ੍ਰਿਸ਼ਨਾ ਨੇ ਕਿਹਾ ਕਿ ਪਿਛਲੇ ਮਹੀਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਪਾਕਿਸਤਾਨ ਯਾਤਰਾ ਦੌਰਾਨ ਚੁੱਕੇ ਗਏ ਅਤਿਵਾਦ ਵਰਗੇ ਮੁੱਦਿਆਂ ਅਤੇ ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਖਾਸ ਤੌਰ ‘ਤੇ ਅਮਰੀਕਾ ਵਿਚ ਡੇਵਿਡ ਹੈਡਲੀ ਤੋਂ ਪੁਛਗਿੱਛ ‘ਤੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਸੂਚਨਾਵਾਂ ਮਿਲਣ ਦੀ ਆਸ ਹੈ। ਨਾਲ ਹੀ ਕ੍ਰਿਸ਼ਨਾ ਨੇ ਕਿਹਾ ਕਿ ਭਾਰਤ ਆਪਸੀ ਭਰੋਸੇ ਅਤੇ ਵਿਸ਼ਵਾਸ ਦੇ ਅਧਾਰ ‘ਤੇ ਸ਼ਾਂਤੀਪੂਰਨ ਢੰਗ ਨਾਲ ਪਾਕਿਸਤਾਨ ਨਾਲ ਸਾਰੇ ਮੁੱਦਿਆਂ ਦਾ ਹੱਲ ਕਰਨ ਪ੍ਰਤੀ ਵਚਨਬੱਧ ਹੈ।
ਭਾਰਤ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਜਦੋਂ ਤੱਕ ਅਤਿਵਾਦ ਖ਼ਿਲਾਫ਼ ਸਖ਼ਤ ਕਦਮ ਨਹੀਂ ਚੁੱਕਦਾ ਉਦੋਂ ਤੱਕ ਸਮੁੱਚੀ ਗੱਲਬਾਤ ਪ੍ਰਕ੍ਰਿਆ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤੀ ਜਾ ਸਕਦੀ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਦੀ ਪਾਕਿਸਤਾਨ ਯਾਤਰਾ ਤੋਂ ਪਹਿਲਾਂ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਵਿਚ ਪਾਕਿਸਤਾਨ ਨਾਲ ਸਬੰਧਾਂ ਦੇ ਤੌਰ ਤਰੀਕਿਆਂ ‘ਤੇ ਚਰਚਾ ਹੋਈ। ਸੂਤਰਾਂ ਅਨੁਸਾਰ ਬੈਠਕ ਵਿਚ ਇਸ ‘ਤੇ ਆਮ ਸਹਿਮਤੀ ਸੀ ਕਿ ਜਦੋਂ ਤੱਕ ਪਾਕਿਸਤਾਨ ਅਤਿਵਾਦ ਦੇ ਖ਼ਿਲਾਫ਼ ਸਖ਼ਤ ਕਦਮ ਨਹੀਂ ਚੁੱਕਦਾ ਉਦੋਂ ਤੱਕ ਗੱਲਬਾਤ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਰਣਨੀਤਕ ਗੱਲਬਾਤ ਦੀ ਪ੍ਰਕ੍ਰਿਆ ਰੋਕ ਦਿੱਤੀ ਗਈ ਸੀ। ਕ੍ਰਿਸ਼ਨਾ ਆਪਣੀ ਯਾਤਰਾ ਦੌਰਾਨ ਯੂਸਫ਼ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਵੀ ਮਿਲਣਗੇ। ਇਸ ਤੋਂ ਪਹਿਲਾਂ 24 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਇਸਲਾਮਾਬਾਦ ਵਿਚ ਬੈਠਕ ਹੋਈ ਸੀ ਜਿਸ ਵਿਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੁਲਾਕਾਤ ਦਾ ਏਜੰਡਾ ਤੈਅ ਕੀਤਾ ਗਿਆ ਸੀ।

 

 

  • Share/Bookmark