ਇਲਾਹਾਬਾਦ, 12 ਜੁਲਾਈ (ਭੂਪਿਦਰ ਸਿਧੂ): ਉਤਰ ਪ੍ਰਦੇਸ਼ ਸਰਕਾਰ ਦੇ ਇਕ ਮੰਤਰੀ ਨੰਦ ਗੋਪਾਲ ਨੰਦੀ ਨੂੰ ਨਿਸ਼ਾਨਾ ਬਣਾ ਕੇ ਅੱਜ ਮੁੱਠੀਗੰਜ ਦੇ ਬਾਹਰ ਇਕ ਧਮਾਕਾ ਕੀਤਾ ਗਿਆ। ਹਮਲੇ ਵਿਚ ਮੰਤਰੀ ਅਤੇ ਉਨ੍ਹਾਂ ਦਾ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਮੰਤਰੀ ਨੂੰ ਜੀਵਨ ਜਯੋਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਤਰ ਪ੍ਰਦੇਸ਼ ਦੇ ਅਪਰ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਬ੍ਰਿਜ ਲਾਲ ਨੇ ਦੱਸਿਆ ਕਿ ਮੰਤਰੀ ਆਪਣੀ ਰਿਹਾਇਸ਼ ਨੇੜੇ ਸ਼ਿਵ ਮੰਦਰ ਜਾ ਰਹ ਸਨ ਕਿ ਉਦੋਂ ਹੀ ਕੋਲ ਖੜ੍ਹੇ ਇਕ ਮੋਟਰਸਾਈਕਲ ਵਿਚ ਧਮਾਕਾ ਹੋ ਗਿਆ। ਬ੍ਰਿਜ ਲਾਲ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ’ਤੇ ਦੋ ਮੋਟਰਸਾਈਕਲ ਅਤੇ ਦੋ ਮੋਪਡ ਨੁਕਸਾਨੀ ਹਾਲਤ ਵਿਚ ਮਿਲੀਆਂ। ਸ਼ੰਕਾ ਹੈ ਕਿ ਇਨ੍ਹਾਂ ਵਿਚੋਂ ਹੀ ਇਕ ਵਾਹਨ ਵਿਚ ਧਮਾਕਾਖੇਜ਼ ਸਮੱਗਰੀ ਛੁਪਾਈ ਗਈ ਸੀ। ਉਨ੍ਹਾਂ ਕਿਹਾ ਕਿ ਹਮਲੇ ਦੇ ਕਾਰਨਾਂ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਡੀ ਜੀ ਪੀ ਕਰਮਵੀਰ ਸਿੰਘ ਇਲਾਹਾਬਾਦ ਰਵਾਨਾਂ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿਚ ਚਾਰ ਲੋਕ ਜ਼ਖ਼ਮੀ ਹੋਏ ਹਨ, ਪਰ ਪੁਲਿਸ ਨੇ ਸਿਰਫ਼ ਮੰਤਰੀ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਦੇ ਜ਼ਖ਼ਮੀ ਹੋਣ ਦੀ ਹੀ ਪੁਸ਼ਟੀ ਕੀਤੀ ਗਈ ਹੈ। ਮੰਤਰੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।