ਬਿਆਨਬਾਜ਼ੀ ‘ਚ ਸੱਭਿਅਕ ਸ਼ਬਦਾਵਲੀ ਵਰਤਣ ਸਿਆਸਤਦਾਨ : ਮੁਖਰਜੀ
ਨਰਿਦਰ ਪਾਲ , ਅਫ਼ਜ਼ਲ ਗੁਰੂ ਨੂੰ ਕਾਂਗਰਸ ਦਾ ਜਵਾਈ ਦੱਸਣ ਦੀ ਆਪਣੀ ਟਿੱਪਣੀ ਨੂੰ ਵਾਪਸ ਲੈਣ ਤੋਂ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੇ ਇਨਕਾਰ ਕਰਨ ‘ਤੇ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖ਼ਰਜੀ ਨੇ ਕਿਹਾ ਹੈ ਕਿ ਸਿਆਸੀ ਆਗੂਆਂ ਤੋਂ ਬਿਆਨਬਾਜ਼ੀ ਵਿਚ ਕੁੱਝ ਸੱਭਿਅਤਾ ਦੀ ਉਮੀਦ ਕੀਤੀ ਜਾਂਦੀ ਹੈ। ਮੁਖਰਜੀ ਨੇ ਕੱਲ੍ਹ Îਇਥੇ ਕਿਹਾ ਕਿ ਬਿਆਨ ਦਿੰਦੇ ਸਮੇਂ ਸਿਆਸੀ ਆਗੂਆਂ ਨੂੰ ਸੱਭਿਅਕ ਸ਼ਬਦਾਵਲੀ ਵਰਤਣੀ ਚਾਹੀਦੀ ਹੈ। ਹਾਲਾਂਕਿ ਉਨ੍ਹਾਂ ਆਪਣੇ ਬਿਆਨ ਵਿਚ ਗਡਕਰੀ ਦਾ ਨਾਂ ਨਹੀਂ ਲਿਆ। ਗਡਕਰੀ ਨੇ 8 ਜੁਲਾਈ ਨੂੰ ਦੇਹਰਾਦੂਨ ਵਿਚ ਭਾਜਪਾ ਦੀ ਇਕ ਰੈਲੀ ਵਿਚ ਕਿਹਾ ਸੀ ਕਿ ਕੀ ਸੰਸਦ ਹਮਲੇ ਦਾ ਦੋਸ਼ੀ ਕਾਂਗਰਸ ਦਾ ਜਵਾਈ ਹੈ? ਗਡਕਰੀ ਨੇ ਕੱਲ੍ਹ ਫੇਰ ਇਹ ਟਿੱਪਣੀ ਦੋਹਰਾਈ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਗਡਕਰੀ ਦੀ ਟਿੱਪਣੀ ‘ਤੇ ਪਹਿਲਾਂ ਕਿਹਾ ਸੀ ਕਿ ਗਡਕਰੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਅਤੇ ਉਹ ਇਕ ਕੌਮੀ ਪਾਰਟੀ ਦਾ ਪ੍ਰਧਾਨ ਬਣਨ ਦੇ ਲਾਇਕ ਨਹੀਂ ਰਿਹਾ।