ਅਮਰੀਕਾ ਦੀ ਗ਼ੈਰ ਸਰਕਾਰੀ ਜਥੇਬੰਦੀ ਪੰਜਾਬ ‘ਚ 40 ਲੱਖ ਡਾਲਰ ਦੀ ਲਾਗਤ ਨਾਲ ਉਸਾਰੇਗੀ ਅੱਖਾਂ ਦਾ ਹਸਪਤਾਲ
ਫੰਡ ਜੁਟਾਉਣ ਲਈ ਅਗਲੇ ਹਫ਼ਤੇ ‘ਬਾਲੀਵੁੱਡ ਮੀਟਸ ਹਾਲੀਵੁੱਡ’ ਪ੍ਰੋਗਰਾਮ ਦਾ ਆਯੋਜਨ
ਵਾਸ਼ਿੰਗਟਨ (ਨਵਾਂਪੰਗਾਂ ਨਿਉਜ਼ ਸਰਵਿਸ) ਪੰਜਾਬ ਦੇ ਇੱਕ ਨਵੇਂ ਅੱਖਾਂ ਦੇ ਹਸਪਤਾਲ ਲਈ ਅਗਲੇ ਸ਼ਨੀਵਾਰ ਨੂੰ ‘ਬਾਲੀਵੁੱਡ ਮੀਟਸ ਹਾਲੀਵੁੱਡ’ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਹਸਪਤਾਲ ਦੇ ਲਈ ਪੈਸੇ ਇਕੱਠੇ ਕਰਨ ਖ਼ਾਤਰ ਆਯੋਜਿਤ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿਚ ਨਾਚ, ਸੰਗੀਤ ਅਤੇ ਫੈਸ਼ਨ ਸ਼ੋਅ ਰਾਹੀਂ ਭਾਰਤੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਜਾਵੇਗੀ। ਇਸ ਪ੍ਰੋਗਰਾਮ ਨਾਲ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ‘ਸ਼ੰਕਰ ਆਈ ਫਾਊਂਡੇਸ਼ਨ’ ਨੂੰ ਦਿੱਤਾ ਜਾਵੇਗਾ। ਐਸ. ਈ. ਐਫ. ਅਮਰੀਕਾ ਦਾ ਇੱਕ ਗੈਰ ਲਾਭਕਾਰੀ ਸੰਗਠਨ ਹੈ ਜਿਸ ਦੀ 2012 ਦੇ ਅੰਤ ਤੱਕ 40 ਲੱਖ ਡਾਲਰ ਦੀ ਲਾਗਤ ਨਾਲ ਪੰਜਾਬ ਵਿਚ ਇੱਕ ਹਸਪਤਾਲ ਸ਼ੁਰੂ ਕਰਨ ਦੀ ਯੋਜਨਾ ਹੈ। ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਐਸ. ਈ.ਐਫ. ਦੇ ਸਮਰਥਕ ਤੇਜਸ਼ ਨਟਾਲੀ, ਇੱਕ ਦੱਖਣ ਏਸ਼ੀਆਈ ਫਿਲਮਕਾਰ ਮਨਨ ਸਿੰਘ ਕਾਟੋਹੋਰਾ ਨਾਲ ਵਾਸ਼ਿੰਗਟਨ ਵਿਚ ‘ਬਾਲੀਵੁੱਡ ਮੀਟਸ ਹਾਲੀਵੁੱਡ’ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ। ਐਸ. ਈ. ਐਫ. ਭਾਰਤ ਦੇ ਸ਼ੰਕਰ ਕੇਅਰ ਇੰਸਟੀਚਿਊਟ ਦੇ ਨਾਲ ਭਾਰਤ ਵਿਚ ਅੱਖਾਂ ਦੀਆਂ ਬਿਮਾਰੀਆਂ ਨਾਲ ਲੜਨ ਲਈ ਕੰਮ ਕਰ ਰਿਹਾ ਹੈ। ਆਪਣੇ ਇਸ ਪ੍ਰੋਗਰਾਮ ਦੇ ਤਹਿਤ ਇਹ ਜਥੇਬੰਦੀ ਮੁਫ਼ਤ ਸੇਵਾਵਾਂ ਦੇਣ ਵਾਲੇ ਅੱਖਾਂ ਦੇ ਹਸਪਤਾਲਾਂ ਦੀ ਸਥਾਪਨਾ ਅਤੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਦਾ ਆਯੋਜਨ ਕਰਦਾ ਹੈ।
ਕੇ. ਮੁਰਲੀਧਰਨ, ਕੇ. ਸ੍ਰੀਧਰਨ ਅਤੇ ਖੁਸ਼ਨੂਦ ਅਹਿਮਦ ਨੇ 1988 ਵਿਚ ਐਸ. ਈ. ਐਫ. ਦੀ ਸਥਾਪਨਾ ਕੀਤੀ ਸੀ। ਇਹ ਜਥੇਬੰਦੀ ਹਰ ਸਾਲ ਮੋਤੀਬਿੰਦ ਦੇ 70 ਹਜ਼ਾਰ ਤੋਂ ਵੱਧ ਆਪ੍ਰੇਸ਼ਨ ਮੁਫ਼ਤ ਕਰਦੀ ਹੈ ਅਤੇ ਹਰ ਸਾਲ ਅੱਖਾਂ ਦੇ ਹਸਪਤਾਲ ਦੀ ਉਸਾਰੀ ਲਈ ਦਿੱਤੀ ਜਾਣ ਵਾਲੀ ਰਾਸ਼ੀ ਦੁੱਗਣੀ ਕਰ ਦਿੰਦੀ ਹੈ।