ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ‘ਤੇ ਦੋਸ਼ ਤੈਅ
ਨਵੀਂ ਦਿੱਲੀ, 7 ਜੁਲਾਈ (ਨਵਾਂਪੰਗਾਂ ਨਿਉਜ਼ ਸਰਵਿਸ): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਅੱਜ ਹੱਤਿਆ ਅਤੇ ਦੰਗਾ ਭੜਕਾਉਣ ਦੇ ਦੋਸ਼ ਤੈਅ ਕੀਤੇ, ਜਿਸ ਵਿਚ ਸੁਲਤਾਨਪੁਰੀ ਵਿਚ 6 ਸਿੱਖ ਮਾਰੇ ਗਏ ਸਲ। ਵਧੀਕ ਸੈਸ਼ਨ ਜੱਜ ਸੁਨੀਤਾ ਗੁਪਤਾ ਨੇ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਫਸਟ ਵਿਜ਼ਨ ਪ੍ਰਮਾਣ ਪਾਉਂਦਿਆਂ 23 ਅਗਸਤ ਤੋਂ ਗਵਾਹਾਂ ਦੇ ਬਿਆਨ ਦਰਜ ਕਰਨ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਇਸੇ ਮਹੀਨੇ ਇਕ ਜੁਲਾਈ ਨੂੰ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰਨ ਦਾ ਹੁਕਮ ਦਿੱਤਾ ਸੀ। ਦੋਸ਼ ਪੱਤਰ ਦਾਖ਼ਲ ਕਰਨ ਨਾਲ ਫੌਜਦਾਰੀ ਮਾਮਲੇ ਵਿਚ ਸੁਣਵਾਈ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਸੀ। ਸੱਜਣ ਕੁਮਾਰ, ਬ੍ਰਹਣਾਨੰਦ ਗੁਪਤਾ, ਪੇਰੂ, ਕੁਸ਼ਲ ਸਿੰਘ ਅਤੇ ਵੇਦ ਪ੍ਰਕਾਸ਼ ਦੇ ਖਿਲਾਫ਼ ਹੱਤਿਆ ਅਤੇ ਦੰਗਾ ਭੜਕਾਉਣ ਤੋਂ ਇਲਾਵਾ ਦੋ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਵਧਾਉਣ ਦੇ ਦੋਸ਼ਾਂ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। ਸੀ ਬੀ ਆਈ ਨੇ 05 ਵਿਚ ਦਰਜ ਦੰਗਾ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਜੀ.ਟੀ. ਨਾਨਾਵਤੀ ਕਮਿਸ਼ਨ ਦੀ ਸਿਫ਼ਾਰਸ਼ ‘ਤੇ 13 ਜਨਵਰੀ ਨੂੰ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। ਮੌਜੂਦਾ ਮਾਮਲਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਵਿਚ ਹੱਤਿਆ ਤੋਂ ਬਾਅਦ ਉਤਰ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਛੇ ਲੋਕਾਂ ਦੀ ਹੱਤਿਆ ਨਾਲ ਸਬੰਧਤ ਹੈ। ਅਦਾਲਤ ਪਹਿਲਾਂ ਹੀ ਸੱਜਣ ਕੁਮਾਰ ਅਤੇ ਉਸਦੇ ਭਤੀਜੇ ਬਲਵੰਤ ਖੋਖਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗ ਮੱਲ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਗਵਾਹਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਚੁੱਕੀ ਹੈ।