ਚਾਮਿੰਡਾ ਵਾਸ ਦੀ ਟੈਸਟ ਕ੍ਰਿਕਟ ਨੂੰ ਬਾਏ-ਬਾਏ
ਕੋਲੰਬੋ-ਸ੍ਰੀਲੰਕਾ ਦੇ ਸਭ ਤੋਂ ਵੱਧ ਸਫਲ ਤੇਜ਼ ਗੇਂਦਬਾਜ਼ ਚਮਿੰਡਾ ਵਾਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਸਥਾਨਕ ਸਿਨਹਾਲੇ ਸਪੋਰਟਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਾਸ ਨੇ ਐਲਾਨ ਕੀਤਾ ਕਿ ਉਹ ਮੌਜੂਦਾ ਪਾਕਿਸਤਾਨ ਵਿਰੁਧ ਚੱਲ ਰਹੀ ਟੈਸਟ ਲੜੀ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਸਦਾ ਲਈ ਅਲਵਿਦਾ ਕਹਿ ਦੇਵੇਗਾ। ਉਸਨੇ ਕਿਹਾ ਕਿ ਉਹ ਇਕ ਦਿਨਾ ਅਤੇ ਟਵੈਂਟੀ-20 ਕ੍ਰਿਕਟ ਸਾਲ 2011 ਦੇ ਵਿਸ਼ਵ ਕੱਪ ਟੂਰਨਾਮੈਂਟ ਤੱਕ ਖੇਡਦਾ ਰਹੇਗਾ। ਵਾਸ ਨੇ ਸਾਲ 1994 ’ਚ ਕੈਂਡੀ ’ਚ ਪਾਕਿਸਤਾਨ ਵਿਰੁਧ ਆਪਣੇ ਟੈਸਟ ਜੀਵਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਹੁਣ ਤੱਕ ਦਾ ਸ੍ਰੀਲੰਕਾ ਦਾ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਸਾਬਿਤ ਹੋਇਆ ਹੈ। ਉਸਨੇ 110 ਮੈਚਾਂ ’ਚ 29.40 ਦੀ ਔਸਤ ਨਾਲ 354 ਵਿਕਟਾਂ ਲਈਆਂ ਹਨ। ਇਹ ਹੀ ਨਹੀਂ ਵਾਸ ਨੇ ਟੈਸਟ ਮੈਚਾਂ ’ਚ 3085 ਦੌੜਾਂ ਵੀ ਬਣਾਈਆਂ ਹਨ। ਟੈਸਟ ਤੋਂ ਇਲਾਵਾ ਉਸਨੇ ਇਕ ਦਿਨਾ ’ਚ 400 ਵਿਕਟਾਂ ਅਤੇ 2025 ਦੌੜਾਂ ਵੀ ਬਣਾਈਆਂ ਹਨ। ਜਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ’ਚ ਮੁੱਖ ਚੋਣਕਰਤਾ ਅਸੰਥਾ ਡੇ ਮੇਲਹਦ ਨੇ ਪ੍ਰਗਟਾਵਾ ਕੀਤਾ ਸੀ ਕਿ ਵਾਸ ਨੇ ਉਸ ਨਾਲ ਸੰਨਿਆਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ ਪਰ ਵਾਸ ਨੇ ਇਨ੍ਹਾਂ ਸਾਰੀਆਂ ਅਟਕਲਾਂ ਦਾ ਜੋਰਦਾਰ ਖੰਡਨ ਕੀਤਾ ਸੀ। ਵਾਸ ਨੂੰ ਪਾਕਿਸਤਾਨ ਵਿਰੁਧ ਖੇਡੇ ਗਏ ਪਹਿਲੇ ਦੋ ਟੈਸਟ ਮੈਚਾਂ ’ਚ ਵਿਚਾਰਿਆ ਨਹੀਂ ਗਿਆ ਸੀ ਪਰ ਉਸਨੂੰ 20 ਜੁਲਾਈ ਤੋਂ ਸ਼ੁਰੂ ਹੋ ਰਹੇ ਲੜੀ ਦੇ ਤੀਜੇ ਅਤੇ ਆਖ਼ਰੀ ਮੈਚ ਲਈ ਟੀਮ ’ਚ ਚੁਣਿਆ ਗਿਆ ਹੈ। (lally batth)