ਸ਼ਾਦੀ ਦੇ ਕਾਰਡ ਨੂੰ ਕ੍ਰੈਡਿਟ ਕਾਰਡ ਨਾ ਬਣਾਇਆ ਜਾਵੇ-ਸ਼ੋਏਬ
ਲਾਹੌਰ, ਅਪ੍ਰੈਲ (ਏਜੰਸੀਆਂ) ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨਾਲ ਸ਼ਾਦੀ ਤੋਂ ਬਾਅਦ ਸਿਆਲਕੋਟ ਵਿਚ ਦਿੱਤੀ ਗਈ ਰਿਸੈਪਸ਼ਨ ਪਾਰਟੀ ਦੇ ਕਾਰਡ ਵੇਚੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਇਕ ਟੀ.ਵੀ. ਇੰਟਰਵਿਊ ਵਿਚ ਸ਼ੋਏਬ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਦੀ ਦਾ ਕਾਰਡ ਵੇਚੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ, ਜੋ ਕਿ ਬਿਲਕੁਲ ਗਲਤ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਡੀ ਸ਼ਾਦੀ ਦੇ ਕਾਰਡ ਨੂੰ ਕ੍ਰੈਡਿਟ ਕਾਰਡ ਨਾ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਸ਼ਾਦੀ ਤੋਂ ਪਹਿਲਾਂ ਵੀ ਸ਼ੋਏਬ ਅਤੇ ਸਾਨੀਆ ਸੁਰਖੀਆਂ ਵਿਚ ਰਹੇ ਸਨ। ਹੁਣ ਸ਼ਾਦੀ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਕੋਈ ਖਾਸ ਕਮੀ ਨਜ਼ਰ ਨਹੀਂ ਆਉਂਦੀ। ਪਾਕਿਸਤਾਨ ਦੀ ਇਕ ਅਦਾਲਤ ਨੇ ਕੱਲ੍ਹ ਸ਼ੋਏਬ ਦੇ ਖਿਲਾਫ਼ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ। ਲਾਹੌਰ ਵਿਚ ਦਾਇਰ ਇਨ੍ਹਾਂ ਪਟੀਸ਼ਨਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਸ਼ੋਏਬ ਨੇ ਸ਼ਾਦੀ ਦੇ ਸਮਾਰੋਹ ਵਿਚ ਇਕ ਤੋਂ ਜ਼ਿਆਦਾ ਵਿਅੰਜਨ ਪਰੋਸ ਕੇ ਤੇ ਜ਼ਿਆਦਾ ਸਮੇਂ ਤੱਕ ਸਮਾਗਮ ਜਾਰੀ ਰੱਖ ਕੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਹਨ। ਲਾਹੌਰ ਦੀ ਹੀ ਅਦਾਲਤ ਵਿਚ ਇਕ ਹੋਰ ਪਟੀਸ਼ਨ ਵਿਚ ਸੱਦਾ ਪੱਤਰ ਵੇਚੇ ਜਾਣ ਦੇ ਦੋਸ਼ ਲੱਗੇ ਹਨ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ 15 ਹਜ਼ਾਰ ਰੁਪਏ ਵਿਚ ਸੱਦਾ ਪੱਤਰ ਖਰੀਦਣ ਦੇ ਬਾਵਜੂਦ ਉਸ ਨੂੰ ਰਿਸੈਪਸ਼ਨ ਵਿਚ ਸ਼ਿਰਕਤ ਕਰਨ ਤੋਂ ਰੋਕਿਆ ਗਿਆ।