ਸੁਰਾਂਗਲਾ ਸੱਜਣ-ਸਤਿੰਦਰ ਸਰਤਾਜ
ਲਾਲੀ ਬਾਠ ਮੁਗਲ ਮਾਜਰਾ
ਸਾਲ ਕੁ ਪਹਿਲਾਂ ਕਿਸੇ ਮੁੰਡੇ ਨੇ ਇਕ ਗਾਇਕ ਬਾਰੇ ਦੱਸ ਪਾਈ ਸੀ ਉਹ ਬੇਹੱਦ ਸੁਰੀਲਾ ਗਾਉਂਦੈ, ਗੀਤ ਵੀ ਸੁਚੱਜੇ ਹੁੰਦੇ ਨੇ, ਪਰ ਦੱਸਣ ਵਾਲੇ ਗਾਇਕ ਦਾ ਨਾਂਅ ਚੇਤੇ ਨਹੀਂ ਸੀ ਰਿਹਾ ਜਿਸ ਕਰਕੇ ਗੱਲ ਆਈ ਗਈ ਹੋ ਗਈ। ਥੋੜ੍ਹੇ ਚਿਰ ਬਾਅਦ ਮੇਰੇ ਛੌਟੇ ਵੀਰ ਕਂਵਰ ਨੇ ਮੈਨੂੰ ਬੜੀ ਖੁਸ਼ੀ ਨਾਲ ਇੱਕ ਗਾਇਕ ਦੇ ਕੁੱਝ ਗੀਤ ਸੁਣਨ ਲਈ ਆਖਿਆ, ਗਾਇਕ ਦਾ ਨਾਂਅ ਦੱਸਿਆ ਸੀ ਸਤਿੰਦਰ ਸਰਤਾਜ। ਸਤਿੰਦਰ ਦੀ ਆਵਾਜ਼ ਵਿਚ ਸਾਈਂ, ਇਬਾਦਤ, ਹੀਰੀਏ ਤੇ ਉਸਤਾਦ ਸ਼ਾਇਰ ਦੀਪਕ ਜੈਤੋਈ ਦਾ ਇੱਕ ਕਲਾਮ ਸੁਣਕੇ ਰੂਹ ਦੀ ਤ੍ਰਿਪਤੀ ਹੋਈ।
ਮਗਰੋਂ ਪਤਾ ਲੱਗਾ ਕਿ ਉਹ ਪੜ੍ਹਿਆ ਲਿਖਿਆ ਹੀ ਨਹੀਂ ਪੜ੍ਹਿਆ/ਗੁੜ੍ਹਿਆ ਗਾਇਕ ਹੈ। ‘ਸੂਫੀ ਗਾਇਨ ਪਰੰਪਰਾ ਦਾ ਸਾਹਿਤਕ ਅਤੇ ਸੰਗੀਤਆਤਮਕ ਅਧਿਐਨ’ ਵਿਸ਼ੇ ’ਤੇ ਪੀ.ਐਚ. ਡੀ. ਕਰਨ ਵਾਲਾ ਸਾਡਾ ਇਹ ਡਾਕਟਰ ਗਾਇਕ ਜੋ ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਪੜ੍ਹਾ ਰਿਹੈ, ਸੱਚਮੁੱਚ ਸਰਤਾਜੀ ਗੁਣਾਂ ਦਾ ਮਾਲਕ ਹੈ। ਉਹ ਮੰਚ ’ਤੇ ਪ੍ਰਵੇਸ਼ ਕਰਦੈ ਤਾਂ ਉਹਦੇ ਸੁਹੱਪਣ ਦੇ ਨੂਰ ਨਾਲ ਚੁਫੇਰਾ ਰੁਸ਼ਨਾਅ ਜਾਂਦੈ। ਫੇਰ ਜਦ ਉਹ ਆਪਣੀ ਗਾਇਕੀ ਦਾ ਆਗ਼ਾਜ਼ ‘ਸਾਈਂ’ ਅੱਗੇ ਅਰਜ਼ੋਈ ਨਾਲ ਕਰਦੈ ਤਾਂ ਸੁਣਨ ਵਾਲਾ (ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ) ਵਜ਼ਦ ਵਿਚ ਆ ਜਾਂਦੈ। ਉਹ ਸੱਚੀ ਆਪਣੇ ਇਸ ਅਰਾਧਨਾਮਈ ਕਲਾਮ ਰਾਹੀਂ ਸਰੋਤਿਆਂ ਨੂੰ ਕਿਸੇ ਹੋਰ ਲੋਕ ਵਿਚ ਲੈ ਜਾਂਦੈ। ਆਵਾਜ਼ ਵਿਚ ਕਸ਼ਿਸ਼ ਏਨੀ ਕਿ ਸਾਈਂ ਨੂੰ ਸੱਚੀ ਮੁੱਚੀ ਉਹਦੀ ਮਹਿਫ਼ਲ ਵਿਚ ਹਾਜ਼ਰ ਨਾਜ਼ਰ ਹੋਣਾ ਪੈਂਦੈ, ਅੰਤ ਤੱਕ ਸੁਰ, ਤਾਲ, ਅਦਾਵਾਂ, ਸ਼ਾਇਰੀ ਨੂੰ ਸਤਿੰਦਰ ਜਿਸ ਖ਼ੂਬਸੂਰਤੀ ਨਾਲ ਅਦਾ ਕਰਦੈ, ਉਸ ਨੂੰ ਦੇਖ/ਸੁਣਕੇ ਲੱਗਦੈ ਸਾਈਂ ਦਾ ਵੱਸ ਨਹੀਂ ਚਲਦਾ ਕਿ ਵਾਰਿਸ ਸ਼ਾਹ ਦੇ ਅਵਤਾਰ ਦਾ ਝਾਉਲਾ ਪੌਣ ਵਾਲੇ ਇਸ ਨੌਜਵਾਨ ’ਤੇ ਆਪਣੀਆਂ ਮਿਹਰਾਂ, ਆਪਣੀਆਂ ਬਖ਼ਸ਼ਿਸ਼ਾਂ ਦਾ ਮੀਂਹ ਨਾ ਵਰ੍ਹਾਵੇ।
ਪਿਛਲੇ ਦਿਨੀਂ ਖਨੈ ਇਸ ਹੋਣਹਾਰ ਗਾਇਕ ਦੀ ਮਜ਼ਲਿਸ ਵਿਚ ਸ਼ਾਮਲ ਹੋਕੇ, ਲੁਤਫਅੰਦੋਜ਼ ਹੋਣ ਦਾ ਸਬੱਬ ਬਣਿਆਂ। ਸਤਿੰਦਰ ਨੂੰ ਉਹਦੇ ਸਾਹਮਣੇ ਬਹਿ ਕੇ ਸੁਣਨ ਤੇ ਮਾਣਨ ਦਾ ਇਹ ਪਹਿਲਾ ਮੌਕਾ ਸੀ। ਸੁਫੀ ਅੰਦਾਜ਼ ਵਿਚ ਵਾਰਿਸ ਸ਼ਾਹ ਵਾਲੀ ਵੇਸ਼ਭੂਸ਼ਾ ਵਿਚ ਸਜਿਆ ਸਤਿੰਦਰ ਸੱਚੀ ਮੁੱਚੀ ਵਾਰਿਸ ਦਾ ‘ਵਾਰਿਸ’ ਲੱਗਿਆ। ਉਸ ਕੋਲ ਗੁਰਦਾਸ ਮਾਨ ਵਾਂਗ ਸ਼ਾਇਰੀ ਨਾਲ, ਗੱਲਾਂ ਵਿਚੋਂ ਗੱਲ ਫੜ੍ਹਨ ਦੀ ਜੁਗਤ ਵੀ ਹੈ, ਤੇ ਹੰਸ ਰਾਜ ਹੰਸ ਵਾਂਗ ਸੂਫੀਆਨਾ ਪ੍ਰਭਾਵ ਸਿਰਜਣ ਦੀ ਸਲਾਹੀਅਤ ਵੀ। ਸਗੋਂ ਕਈ ਵਾਰ ਤਾਂ ਉਹ ਇਨ੍ਹਾਂ ਦੋਹਾਂ ਤੋਂ ਅਗਾਂਹ ਲੰਘਦਾ ਨਜ਼ਰ ਆਉਂਦੈ। ਸਾਈਂ ਤੋਂ ਸ਼ੁਰੂ ਹੋ ਕੇ ਉਹ ਜਦ ਲਗਾਤਾਰ ਦਰਸ਼ਕਾਂ ਨੂੰ ਆਪਣੀ ਸ਼ਾਇਰੀ ਤੇ ਸੁਰੀਲੀ ਗਾਇਕੀ ਦੇ ਵਹਿਣ ਵਿਚ ਵਹਾੲਂੀ ਜਾਂਦੈ ਤਾਂ ਉਹ ਖ਼ੁਦਾ ਦਾ ਭੇਜਿਆ ਕੋਈ ਖ਼ਾਸ ਬੰਦਾ ਲਗਦੈ। ਆਪ ਬੈਠ ਕੇ ਗਾਉਣ ਵਾਲਾ ਸਤਿੰਦਰ, ਦਰਸ਼ਕਾਂ ਦੇ ਸਿਰਾਂ, ਹੱਥਾਂ ਤੇ ਪੈਰਾਂ ਨੂੰ ਹਰਕਤ ਵਿਚ ਰੱਖਦੈ। ਬੱਚਿਆਂ ਨਾਲ ਬੱਚਾ, ਜਵਾਨਾਂ ਨਾਲ ਜਵਾਨ ਤੇ ਬਜ਼ੁਰਗਾਂ ਨਾਲ ਬਜ਼ੁਰਗਾਂ ਵਾਲਾ ਰੰਗ ਸਾਂਝਾ ਕਰਦਾ ਸਤਿੰਦਰ ਆਪਣੀ ਕਾਬਲੀਅਤ ਦਾ ਐਸਾ ਜਾਦੂ ਬਿਖੇਰਦੈ, ਕਿ ਮੂੰਹੋਂ ਆਪ ਮੁਹਾਰੇ ਨਿੱਕਲਦੈ, ‘ਬਈ ਵਾਹ, ਜਿਉਂਦਾ ਰਹਿ ਸੱਜਣਾ।’ ਉਹਦੇ ਕਲਾਮ ਵਿਚ ਕਿਤੇ ਕਿਤੇ ਹੱਦ ਦਰਜੇ ਦੀ ਚੋਹਲ-ਮੋਹਲ ਹੁੰਦੀ ਏ ਤੇ ਕਿਤੇ ਉਹ ਐਸੀ ਗੱਲ ਆਖ਼ਦੈ ਕਿ ਦੰਦਾਂ ਥੱਲੇ ਜੀਭ ਆ ਜਾਵੇ। ਗੱਲ ਨੂੰ ਫਰਸ਼ ਤੋਂ ਸ਼ੁਰੂ ਕਰਕੇ ਅਰਸ਼ ਤੱਕ ਲੈ ਜਾਣ ਦਾ ਬਾਕਮਾਲ ਹੁਨਰ ਹੈ ਸਤਿੰਦਰ ਕੋਲ। ਲਫ਼ਜ਼ ਉਹਦੀ ਜ਼ੁਬਾਨੋਂ ਨਿੱਕਲ ਕੇ ਸਿਧੇ ਸਰੋਤਿਆਂ ਦੇ ਦਿਲ/ਜ਼ਿਹਨ ਤੱਕ ਪਰਵਾਜ਼ ਭਰਦੇ ਨੇ। ਅੰਦਰ ਤੱਕ ਹਲੂਣਦੇ ਨੇ।
ਸਤਿੰਦਰ, ਜਿਸ ਦੇ ਪਰਵਾਰ ਵਿਚ ਪਹਿਲਾਂ ਕੋਈ ਗਾਇਕ ਨਹੀਂ ਸੀ, ਸੱਚ ਮੁੱਚ ਸਰਤਾਜ ਹੈ ਅਜੋਕੀ ਗਾਇਕੀ ਦਾ। ਪਰ ਇਸ ਦਾ ਉਸ ਨੂੰ ਗੁਮਾਨ ਨਹੀਂ, ਹੈਂਕੜ ਨਹੀਂ। ਉਹ ਤਾਂ ਇਸ ਗੱਲ ਦਾ ਪੱਲ੍ਹਾ ਫੜ੍ਹ ਕੇ ਵਿਚਰ ਰਿਹੈ ਕਿ ਸ਼ਾਇਰੀ ਦੇ ਘਰ ਦੂਰ ਨੇ ਤੇ ਗਾਇਕੀ ਦੇ ਉਸਤੋਂ ਵੀ ਦੂਰ। ਉਹਨੂੰ ਇਹ ਵੀ ਅਹਿਸਾਸ ਏ ਕਿ ਅਜੇ ਉਹਦੀ ਸ਼ੁਰੂਆਤ ਏ, ਸਫਰ ਤਾਂ ਅਜੇ ਬਹੁਤ ਲੰਮੈਂ।
ਹਾਲੇ ਤਾਂ ਸ਼ੁਰੂਆਤਾਂ ਨੇ
ਰੱਬ ਦੇ ਬਖ਼ਸ਼ੇ ਕਾਜ ਦੀਆਂ।
ਬੜੀਆਂ ਲੰਮੀਆਂ ਰਾਹਵਾਂ ਨੇ,
ਸਤਿੰਦਰ ਤੋਂ ਸਰਤਾਜ ਦੀਆਂ।
ਪਰ ਜੇਕਰ ਨਜ਼ਰ ਮੰਜ਼ਿਲ ਵੱਲ ਸੇਧਤ ਰਹੇ ਤਾਂ ਸਫਰ ਸਫਲ ਹੁੰਦੈ।
ਸਤਿੰਦਰ ਦੀਆਂ ਮਜ਼ਲਿਸਾਂ ਵਿਚ ਉਂਝ ਤਾਂ ਭਾਵੇਂ ਹਰ ਉਮਰ ਦੇ ਦਰਸ਼ਕ ਹੁੰਦੇ ਹਨ, ਪਰ ਨੌਜਵਾਨ ਖਾਸ ਖਿੱਚ ਨਾਲ ਆਉਂਦੇ ਹਨ। ਕੋਟਕਪੂਰੇ ਦੀ ਮਹਿਫਲ ਵਿਚ ਚੰਡੀਗੜ੍ਹ ਤੱਕ ਦੇ ਨੌਜਵਾਨ ਮੌਜੂਦ ਸਨ। ਨੌਜਵਾਨ ਉਹਦੀ ਸਾਫ ਸੁਥਰੀ, ਪਤਾ ਨੀ ਕਦੋਂ ਸੰਜੀਦਾ ਹੋ ਜਾਣ ਵਾਲੀ ਗਾਇਕੀ ਦਾ ਪੂਰਾ ਲੁਤਫ ਲੈਂਦੇ ਨੇ। ਸਰਾਬੋਰ ਹੁੰਦੇ ਨੇ। ਝੂਮਦੇ ਨੇ, ਨੱਚਦੇ ਨੇ, ਉਹਦੇ ਨਾਲ ਗਾਉਂਦੇ ਨੇ। ਇਸ ਤਰ੍ਹਾਂ ਜਿਹੜੇ ਲੋਕ ਆਪਣੀ ਗੰਦੀ ਗਾਇਕੀ ਦਾ ਠੀਕਰਾ ਨੌਜਵਾਨ ਪੀੜ੍ਹਂੀ ਸਿਰ ਭੰਨਦੇ ਨੇ, ਉਨ੍ਹਾਂ ਨੂੰ ਸਤਿੰਦਰ ਦੀਆਂ ਮਹਿਫਲਾਂ ਵਿਚ ਹਾਜ਼ਰੀ ਭਰ ਕੇ ਅਸਲੀਅਤ ਦਾ ਮੰਜ਼ਰ ਤੱਕਣਾ ਚਾਹੀਦੈ। ਸਤਿੰਦਰ ਦੀ ਸ਼ਾਇਰੀ ਤੇ ਗਾਇਕੀ ਦੱਸਣ ਵਾਲੀ ਨਹੀ, ਮਾਣਨ ਵਾਲੀ ਏ। ਸਤਿੰਦਰ ਦੇ ਗੀਤਾਂ ਦੇ ਵਿਸ਼ਿਆਂ ਵਿਚ ਇਸ਼ਕ ਦੇ ਚਰਚੇ ਸ਼ੁਮਾਰ ਤਾਂ ਨੇ ਪਰ ਉਹ ਨਾ ਤਾਂ ਉਸਦੀ ਸਮੁੱਚਤਾ ’ਤੇ ਹਾਵੀ ਨੇ ਤੇ ਨਾ ਹੀ ਉਹਨਾਂ ਵਿਚ ਸਿਰਫ ਜਿਸਮ ਭੋਗਣ ਦੀ ਲਾਲਸਾ। ਸਗੋਂ ਉਹ ਰੂਹਾਨੀ ਇਸ਼ਕ ਦੀ ਬਾਤ ਪਾਉਂਦੈ। ਇਹਦੇ ਨਾਲ ਨਾਲ ਉਹਦੇ ਗੀਤਾਂ ਵਿਚ ਸਮਾਜਕ ਸਰੋਕਾਰ ਤੇ ਸਮੇਂ ਦੀ ਮੰਗ ਮੁਤਾਬਿਕ ਸੁਨੇਹੇਂ ਥਾਂ ਥਾਂ ਪਿਰੋਏ ਹੁੰਦੇ ਨੇ। ਨਾਰੀ ਚੇਤਨਾ ਦੀ ਗੱਲ ਕਰਦਿਆਂ ਸਤਿੰਦਰ ਕਹਿ ਉਠਦੈ :
ਕੁੜੀਓ ਰੋਇਆ ਨਾ ਕਰੋ ਡੁੱਬ ਜਾਣੀਓਂ
ਅੱਥਰੂ ਪਿਰੋਇਆ ਨਾ ਕਰੋ ਡੁੱਬ ਜਾਣੀਓਂ
ਪੂਰਾ ਪੂਰਾ ਹੱਕ ਤੁਹਾਡਾ ਖੁਸ਼ੀ ਦੇ ਖ਼ਜ਼ਾਨਿਆਂ ’ਤੇ,
ਆਖੇ ਸਰਤਾਜ ਰੱਖ ਖ਼ੁਦ ਨੂੰ ਨਿਸ਼ਾਨਿਆਂ ’ਤੇ,
ਅੜੀਓ ਮੋਇਆ ਨਾ ਕਰੋ ਡੁੱਬ ਜਾਣੀਓਂ. . .
ਮਾਂ ਬੋਲੀ ਪੰਜਾਬੀ ਤੋਂ ਬੇਮੁੱਖ ਹੁੰਦੇ ਪੰਜਾਬੀਆਂ ਨੂੰ ਸਤਿੰਦਰ ਧੁਰ ਅੰਦਰ ਤੱਕ ਬੜੇ ਸਾਦੇ ਸ਼ਬਦਾਂ ਵਿਚ ਝੰਜੋੜਾ ਹੋਇਆ ਆਖਦੈ :
ਮੈਨੂੰ ਜਾਪਦੈ ਜ਼ੁਬਾਨਾਂ ਹੋਰਾਂ ਥੱਲੇ ਦੱਬੀ ਗਈ,
ਰਹਿਗੀ ਫਿੱਕੀ ਫਿੱਕੀ ਭਾਸ਼ਾ ਠੇਠ ਸਾਡੀ ਦੱਬੀ ਗਈ,
ਬੜਾ ਹੋ ਗਿਆ ਪੰਜਾਬੀ ਦਾ ਵੀ ਘਾਣ ਦੋਸਤੋ. . .
ਮਾਂ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ।
ਛੇਤੀ ਸਾਂਭ ਲਓ ਨਾ ਛੱਡਜੇ ਪ੍ਰਾਣ ਦੋਸਤੋ।
ਵਾਤਾਵਰਣ ਵਿਚ ਪੈਦਾ ਹੋ ਰਿਹਾ ਵਿਗਾੜ ਤੇ ਵਿਗਾੜ ਨੂੰ ਅਣਡਿੱਠ ਕਰਕੇ ਮਨੁੱਖਾਂ ਵੱਲੋਂ ਆਪਣੀਆਂ ਗਲ਼ਤੀਆਂ ਦੁਹਾਰਾਈ ਜਾਣਾ, ਆਪਣੇ ਲਾਲਚ ਵੱਸ ਕੁਦਰਤ ਦੇ ਨਿਜ਼ਾਮ, ਕੁਦਰਤ ਦੇ ਸਮੁੱਚੀ ਰਚਨਾ ਨਾਲ ਛੇੜ-ਛਾੜ ਅੱਜ ਸਮੇਂ ਦੀ ਵਡੇਰੀ ਚਿੰਤਾ ਹੈ । ਰੁੱਖਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਕਟਾਈ ਸਤਿੰਦਰ ਨੂੰ ਦੁਖੀ ਕਰਦੀ ਹੈ ਤੇ ਉਹ ਰੁੱਖ ਵੱਢ ਰਹੇ ਮਨੁੱਖ ਨੂੰ ਮੁਖ਼ਾਤਿਬ ਹੁੰਦੈ :
ਪੱਤਝੜ ਵਿਚ ਪੱਤ ਝੜਦੇ, ਇਹ ਤਾਂ ਰੁੱਤਾਂ ਵਰਗੇ ਨੇ
ਪਾਣੀ ਪਾ ਪਾ ਪਾਲੇ ਇਹ ਤਾਂ ਪੁੱਤਾਂ ਵਰਗੇ ਨੇ,
ਕੋਈ ਜਾ ਸਮਝਾਵੋ ਉਨ੍ਹਾਂ ਦਿਲੋਂ ਕੁਰਖ਼ਤਾਂ ਨੂੰ,
ਜੇ ਨਾ ਰਹੀ ਹਰਿਆਲੀ ਫਿਰ ਕੀ ਕਰਨਾ ਤਖ਼ਤਾਂ ਨੂੰ।
ਸੁਣ ਭਾਈ ਆਰੇ ਵਾਲਿਆ ਨਾ ਚੀਰ ਦਰਖ਼ਤਾਂ ਨੂੰ।
ਫ਼ਨਕਾਰ ਦਾ ਅੱਵਲ ਫਰਜ਼ ਹੈ ਕਿ ਉਹ ਲੋਕਾਂ ਦੀ ਨਜ਼ਬ ’ਤੇ ਹੱਥ ਰੱਖੇ। ਉਨ੍ਹਾਂ ਦੇ ਦਿਲਾਂ ਵਿਚ ਉੱਸਲਵੱਟੇ ਲੈਂਦੀਆਂ ਭਾਵਨਾਵਾਂ ਨੂੰ ਅਲਫਾਜ਼ ਪ੍ਰਦਾਨ ਕਰੇ। ਸਤਿੰਦਰ ਦੀ ਸ਼ਾਇਰੀ ਵਿਚ ਅਜਿਹੀ ਝਲਕ ਵਾਰ ਵਾਰ ਮਿਲਦੀ ਹੈ। ਆਸਟ੍ਰੇਲੀਆ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੂੰ ਇੰਜ ਮੁਖ਼ਾਤਿਬ ਹੁੰਦੈ :
ਓਏ ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ,
ਪੁੱਤ ਸਾਡੇ ਪੈਰਾਂ ’ਤੇ ਖ਼ਲੋਏ ਕਿ ਨਹੀਂ।
. ..
ਓ ਮੇਰਿਓ ਭਰਾਵੋ ਮੇਰੀ ਮਿੱਟੀ ਦੇ ਵਾਰਿਸੋ,
ਆਸ ਦੀ ਖੂਹੀ ਵਿਚੋਂ ਪਾਣੀ ਮੁੱਕ ਜਾਵੇ ਨਾ।
ਵੇ ਓਹਨਾਂ ਸੱਧਰਾਂ ਦੀ ਵੇਲ ਰਹੀ
ਦੇਖਿਓ ਉਡੀਕਾਂ ਵਿਚ ਸੁੱਕ ਜਾਵੇ ਨਾ।
ਆਪਣੇ ਹਲਕੇ ਫੁਲਕੇ ਗੀਤਾਂ ਵਿਚ ਵੀ ਸਤਿੰਦਰ ਕੋਈ ਸੁਚੱਜਾ ਪੈਗ਼ਾਮ ਜ਼ਰੂਰ ਦਿੰਦੈ। ‘ਪਹਿਲੀ ਕਿੱਕ ’ਤੇ ਸਟਾਟ ਮੇਰਾ ਯਾਹਮਾ’ ਇਸੇ ਰੰਗਤ ਵਾਲਾ ਗੀਤ ਹੈ। ਜਿਹੜਾ ਅਸਲ ਵਿਚ ਨੌਜਵਾਨ ਪੀੜ੍ਹੀ ਨੂੰ ਚਾਦਰ ਵੇਖ ਕੇ ਪੈਰ ਪਸਾਰਨ ਦਾ ਸੁਨੇਹਾ ਦਿੰਦੈ। ਪਰ ਆਪਣੀ ਇਸ ਸਮਰੱਥਾ ਦਾ ਉਹਨੂੰ ਰੱਤੀ ਭਰ ਗੁਮਾਨ ਨਹੀਂ, ਸਗੋਂ ਉਹ ਤਾਂ ਆਖਦੈ :
ਫ਼ਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਦੇਖਾਂਗੇ।
ਅਜੇ ਤਾਂ ਘੜਾ ਅਕਲ ਦਾ ਊਣਾ ਏ
ਜਦ ਭਰਕੇ ਡੁੱਲੂ ਦੇਖਾਂਗੇ।
ਲਿਹਾਜਾ, ਸਤਿੰਦਰ ਦੇ ਹੁੰਦਿਆਂ ਪੰਜਾਬੀ ਗਾਇਕੀ ਦੇ ਚੰਗੇਰੇ ਭਵਿੱਖ ਦੀ ਭਰਪੂਰ ਆਸ ਕੀਤੀ ਜਾ ਸਕਦੀ ਏ। ਪਰ ਉਸ ਨੂੰ ਆਪਣੀ ਗਾਇਕੀ ਵਿਚ ਉਪਭੋਗਤਾਵਾਦ ਨੂੰ ਫੈਲਾਉਣ ਤੋਂ ਗੁਰੇਜ਼ ਕਰਨਾ ਹੋਵੇਗਾ। ਲੱਚਰ ਗਾਉਣ ਵਾਲਿਆਂ ਦੀ ਭੀੜ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਅਸਲੋਂ ਕੁਰਾਹੇ ਪਾ ਦਿਤੈ, ਉਨ੍ਹਾਂ ਦੀ ਨਜ਼ਰ ਵਿਚ ਮੁਹੱਬਤ ਦੇ ਅਰਥ ਹੀ ਬਦਲ ਦਿੱਤੇ ਨੇ, ਦਿਲ਼ੀ ਜਜ਼ਬਾਤ ਦੀ ਥਾਂ ਜਿਸਮਾਂ ਦੀ ਖਿੱਚ ਨੂੰ ਪ੍ਰਚਾਰਿਆ ਜਾ ਰਿਹੈ, ਸਕੂਲਾਂ ਕਾਲਜਾਂ ਨੂੰ ਵਿਦਿਆ ਦੇ ਮੰਦਰਾਂ ਤੋਂ ਆਸ਼ਕੀ ਦੇ ਅੱਡੇ ਬਣਾ ਧਰਿਐ, ਅਜਿਹੀ ਸੂਰਤ ਵਿਚ ਅਜਿਹੇ ਕਿਸੇ ਫਨਕਾਰ ਤੋਂ ਆਸ ਕਰਦੇ ਹਾਂ ਉਹ ਆਪਣੀ ਪ੍ਰਸਿੱਧੀ, ਆਪਣੀ ਹਰਮਨ ਪਿਆਰਤਾ ਨੂੰ ਵਰਤਦਿਆਂ ਪੰਜਾਬੀ ਗਾਇਕੀ ਵਿਚ ਆਏ ਨਿਘਾਰ ਦਾ ਬਦਲ ਪੇਸ਼ ਕਰੇਗਾ। ਫਿਲਹਾਲ ਤਾਂ ਉਹ ਏਸੇ ਰਸਤੇ ਚੱਲ ਰਿਹੈ। ਰੱਬ ਕਰੇ ਉਹਦੇ ਕਦਮ ਥਿੜਕਣ ਨਾ। ਆਪਣੀ ਉਮਰ ਤੋਂ ਕਿਤੇ ਵੱਡੀਆਂ ਗੱਲਾਂ ਕਰਨ ਵਾਲੇ ਇਸ ਸੁਰਾਂਗਲੇ ਸੱਜਣ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਆਮੀਨ।