ਸੈਟਰ ਤੇ ਪੰਜਾਬ ਪੁਲਿਸ ਵੱਲੋਂ ਬਣਾਏ ਗਏ “ਤਿੰਨ ਸੋ ਕੈਟਾਂ” ਦੀ ਜਾਣਕਾਰੀ ਜਨਤਕ ਤੌਰ ਤੇ ਦਿੱਤੀ ਜਾਵੇ :- ਟਿਵਾਣਾ
ਫਤਿਹਗੜ੍ਹ ਸਾਹਿਬ, ਮਾਰਚ ( ਗੁਰਿੰਦਰਜੀਤ ਸਿੰਘ ਪੀਰਜੈਨ) :- “ਬੀਤੇ ਸਮੇ ਵਿੱਚ ਜਦੋਂ ਪੰਜਾਬ ਵਿੱਚ ਇੱਕ ਡੂੰਘੀ ਸ਼ਾਜਿਸ ਤਹਿਤ ਸੈਟਰ ਹਕੂਮਤ ਅਤੇ ਪੰਜਾਬ ਪੁਲਿਸ ਦੀ ਸਾਂਝੀ ਗੁਪਤ ਰਾਏ ਨਾਲ ਤਿੰਨ ਸੋ ਦੇ ਕਰੀਬ “ਕਾਲੀਆਂ ਬਿੱਲੀਆਂ” ਦੀ ਭਰਤੀ ਕਰਕੇ ਇੱਥੇ ਮਾਰ ਧਾੜ ਕਰਨ ਅਤੇ ਪੰਜਾਬ ਦੀ ਅਮਨ-ਚੈਨ ਵਾਲੀ ਫਿਜ਼ਾ ਨੂੰ ਗੰਧਲਾ ਕਰਨ ਲਈ ਆਲਮ ਸੈਨਾ ਅਤੇ ਵਿਰਕ ਸੈਨਾ ਆਦਿ ਦੇ ਨਾਮ ਉੱਤੇ ਖੜੀਆਂ ਕੀਤੀਆਂ ਗਈਆਂ ਸਨ। ਉਨ੍ਹਾ ਵਿੱਚੋਂ 85-90% ਇਹ ਪੁਲਿਸ ਕੈਟ ਅੱਜ ਵੀ ਪੰਜਾਬ ਵਿੱਚ ਕਿਸੇ ਨਾ ਕਿਸੇ ਤਰੀਕੇ ਸਰਗਰਮ ਹਨ। ਇਹ ਕੈਟ ਕਿਸੇ ਹੋਰ ਘਿਨੌਣੀ ਸ਼ਾਜਿਸ ਉੱਤੇ ਅਮਲ ਕਰਨ, ਉਸ ਤੋਂ ਪਹਿਲੇ ਹਿੰਦ ਹਕੂਮਤ ਇਨ੍ਹਾ ਪੁਲਿਸ ਕੈਟਾਂ ਦੇ ਨਾਮ, ਪਿੰਡ ਆਦਿ ਬਾਰੇ ਮੁਲਕ ਅਤੇ ਪੰਜਾਬ ਦੇ ਅਖਬਾਰਾਂ ਅਤੇ ਬਿਜਲਈ ਮੀਡੀਏ ਵਿੱਚ ਪੂਰਨ ਬਿਓਰਾ ਦੇ ਕੇ ਜਨਤਕ ਤੌਰ ‘ਤੇ ਜਾਣਕਾਰੀ ਦੇਣ ਦੇ ਫਰਜ਼ ਅਦਾ ਕਰੇ ਤਾਂ ਕਿ ਮੁਲਕ ਨਿਵਾਸੀ ਅਤੇ ਪੰਜਾਬ ਨਿਵਾਸੀ ਇਨ੍ਹਾ ਕਾਲੀਆਂ ਬਿੱਲੀਆਂ ਦੀਆਂ ਕਾਰਵਾਈਆਂ ਤੋ ਸੁਚੇਤ ਰਹਿਣ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਤੋਂ ਜ਼ੋਰਦਾਰ ਤੇ ਸੰਜੀਦਾ ਮੰਗ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਅੱਗੇ ਚੱਲ ਕੇ ਕਿਹਾ ਕਿ ਜਦੋ ਤੋਂ ਹਿੰਦ ਮੁਲਕ ਆਜਾਦ ਹੋਇਆ ਹੈ, ਉਦੋ ਤੋਂ ਹੀ ਇੱਥੋ ਦੇ ਹੁਕਮਰਾਨ, ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਤੇ ਦਲਿਤਾਂ ਵਿਰੁੱਧ ਅਤਿ ਘਿਨੌਣੇ ਹੱਥਕੰਡੇ ਅਪਣਾਉਂਦੇ ਸ਼ਾਜਿਸਾਂ ਕਰਦੇ ਆਏ ਹਨ। ਜਿਸ ਨਾਲ ਇੱਥੇ ਵੱਡੇ ਪੱਧਰ ਉੱਤੇ ਮਨੁੱਖੀ ਹੱਕਾਂ ਦਾ ਘਾਣ ਵੀ ਹੋ ਰਿਹਾ ਹੈ ਅਤੇ ਬਹੁਗਿਣਤੀ ਹਿੰਦੂ ਕੌਮ ਘੱਟ ਗਿਣਤੀਆਂ ਨੂੰ ਜਲੀਲ ਵੀ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਇਹੀ ਮੁੱਖ ਕਾਰਨ ਹਨ ਕਿ ਅੱਜ ਹਿੰਦ ਦੇ ਅੱਠ-ਦਸ ਸੂਬਿਆਂ ਵਿੱਚ ਹਿੰਦ ਹਕੂਮਤ ਦੀਆਂ ਆਪ ਹੁੱਦਰੀਆਂ ਜਾਲਮਾਨਾ ਕਾਰਵਾਈਆਂ ਵਿਰੁੱਧ ਇੱਥੋ ਦੇ ਨਿਵਾਸੀਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪੈਦਾ ਹੋ ਚੁੱਕੀ ਹੈ। ਹਿੰਦ ਹਕੂਮਤ ਇਨ੍ਹਾ ਸੂਬਿਆਂ ਦੀਆਂ ਹਕੂਮਤਾਂ ਨਾਲ ਜਾਂ ਉੱਥੋ ਦੀਆਂ ਫੋਰਸਾਂ ਨਾਲ ਸ਼ਾਜਿਸਾਂ ਰਚ ਕੇ ਇਸ ਉੱਠ ਰਹੇ ਰੋਹ ਅਤੇ ਬਗਾਵਤਾਂ ਨੂੰ ਜ਼ਬਰੀ ਕੁਚਲਣ ਲਈ ਗੈਰ ਕਾਨੂੰਨੀ, ਗੈਰ ਸਮਾਜਿਕ ਅਤੇ ਅਣਮਨੁੱਖੀ ਢੰਗਾਂ ਦੀ ਨਿਰੰਤਰ ਵਰਤੋਂ ਕਰਦੀ ਆ ਰਹੀ ਹੈ। ਜਿਸ ਨਾਲ ਇਸ ਮੁਲਕ ਦੀ ਕਾਨੂੰਨੀ ਵਿਵਸਥਾ ਦੇ ਹਾਲਤ ਅਤਿ ਚਿੰਤਾਜਨਕ ਬਣੇ ਹੋਏ ਹਨ। ਤੇਜ਼ੀ ਨਾਲ ਵੱਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਕਾਣੀ ਵੰਡ ਦੇ ਵੱਡੇ ਵਿਤਕਰੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਇਸ ਲਈ ਇੱਥੇ ਕਿਸੇ ਵੀ ਸਮੇਂ ਵੱਡਾ ਵਿਸਫੋਟ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਲਕ ਨਿਵਾਸੀਆਂ, ਪੰਜਾਬੀਆਂ ਅਤੇ ਸਿੱਖ ਕੌਮ ਦੇ ਬਿਨ੍ਹਾ ਉੱਤੇ ਇਹ ਮੰਗ ਕਰਦਾ ਹੈ ਕਿ ਅਜਿਹੀਆਂ ਰਚੀਆਂ ਜਾ ਰਹੀਆਂ ਘਿਨੌਣੀਆਂ ਸ਼ਾਜਿਸਾਂ ਉੱਤੇ ਅਮਲ ਕਰਨਾ ਤੁਰੰਤ ਬੰਦ ਕੀਤਾ ਜਾਵੇ ਤੇ ਤਿੰਨ ਸੋ ਦੇ ਕਰੀਬ ਪੰਜਾਬ ਵਿੱਚ ਪੈਦਾ ਕੀਤੇ ਗਏ “ਪੁਲਿਸ ਕੈਟ” ਦੀ ਪਹਿਚਾਣ ਲਈ ਉਨ੍ਹਾ ਦਾ ਪੂਰਨ ਬਿਓਰਾ ਪੰਜਾਬ ਦੇ ਸਮੁੱਚੇ ਅਖਬਾਰਾਂ ਅਤੇ ਬਿਜਲਈ ਮੀਡੀਏ ਰਾਹੀਂ ਫੋਰਨ ਨਸ਼ਰ ਕੀਤਾ ਜਾਵੇ। ਤਾਂ ਕਿ ਪੰਜਾਬ ਨਿਵਾਸੀ ਤੇ ਸਿੱਖ ਕੌਮ ਇਨ੍ਹਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਤੋਂ ਸੁਚੇਤ ਵੀ ਰਹੇ ਤੇ ਇੱਥੋ ਦੀ ਅਮਨ-ਚੈਨ ਵਾਲੀ ਫਿਜ਼ਾ ਨੂੰ ਕਾਇਮ ਰੱਖਣ ਲਈ ਆਪਣੇ ਫਰਜਾਂ ਦੀ ਪੂਰਤੀ ਵੀ ਕਰ ਸਕੇ।