ਲਾਹੌਰ ‘ਚ ਧਮਾਕਾ, 39 ਮਰੇ, 95 ਜ਼ਖ਼ਮੀ, ਮਰਨ ਵਾਲਿਆਂ ‘ਚ 10 ਸੈਨਿਕ ਵੀ ਸ਼ਾਮਲ
ਲਾਹੌਰ, ਮਾਰਚ (ਨਵਾਂ ਪਗਾਂ ਨਿਊਜ਼ ਸਰਵਿਸ): ਲਾਹੌਰ ਦੇ ਇਕ ਬਾਜ਼ਾਰ ਵਿਚ ਭਾਰੀ ਸੁਰੱਖਿਆ ਵਾਲੀ ਇਕ ਛਾਊਣੀ ਵਿਚ ਲਗਭਗ ਇਕੋ ਸਮੇਂ ਹੋਏ ਦੋ ਧਮਾਕਿਆਂ ਵਿਚ ਅੱਜ ਦਸ ਸੈਨਿਕਾਂ ਸਮੇਤ ਘੱਟੋ ਘੱਟ 29 ਲੋਕ ਮਾਰੇ ਗਏ ਜਦੋਂ ਕਿ 95 ਹੋਰ ਜ਼ਖ਼ਮੀ ਹੋ ਗਏ। ਪੈਦਲ ਆਏ ਹਮਲਾਵਰਾਂ ਨੇ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜੋ ਸਥਾਨਕ ਸਮੇਂ ਅਨੁਸਾਰ 12.48 ਮਿੰਟ ‘ਤੇ ਸਥਾਨਕ ਇਕ ਬਾਜ਼ਾਰ ਵਿਚ ਗਸ਼ਤ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਕ ਮਸਜਿਦ ਤੋਂ ਕੁੱਝ ਹੀ ਦੂਰੀ ‘ਤੇ ਧਮਾਕਾ ਹੋਇਆ ਜਿਥੇ ਵੱਡੀ ਗਿਣਤੀ ਵਿਚ ਲੋਕ ਨਮਾਜ਼ ਅਦਾ ਕਰਨ ਦੇ ਲਈ ਇਕੱਠੇ ਹੋਏ ਸਨ। ਇਸ ਮਸਜਿਦ ਵਿਚ ਕੰਮ ਕਰਦੇ ਸੇਵਾ ਮੁਕਤ ਹੋਏ ਫ਼ੌਜੀ ਅਧਿਕਾਰੀ ਆਉਂਦੇ ਹਨ। ਵਿਸ਼ੇਸ਼ ਪੁਲਿਸ ਅਧਿਕਾਰੀ ਚੌਧਰੀ ਸ਼ਫੀਕ ਅਹਿਮਦ ਨੇ ਦੱਸਿਆ ਕਿ ਦੋ ਆਤਮਘਾਤੀ ਹਮਲਾਵਰਾਂ ਨੇ ਗਸ਼ਤ ਕਰ ਰਹੇ ਸੈਨਾ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ। 15 ਮਿੰਟ ਦੇ ਫਰਕ ਨਾਲ ਦੋਵੇਂ ਧਮਾਕੇ ਹੋਏ। ਪੰਜਾਬ ਦੇ ਪੁਲਿਸ ਮੁਖੀ ਤਾਰੀਕ ਸਲੀਮ ਡੋਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਿਚ ਘੱਟੌ ਘੱਟ 39 ਲੋਕ ਮਾਰੇ ਗਏ ਜਦੋਂ ਕਿ 95 ਹੋਰ ਜ਼ਖ਼ਮੀ ਹੋ ਗਏ। ਸ਼ਹਿਰ ਦੇ ਪੁਲਿਸ ਮੁਖੀ ਪ੍ਰਵੇਜ਼ ਰਾਠੌਰ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਘੱਟੋ ਘੱਟ 10 ਸੈਨਿਕ ਵੀ ਸ਼ਾਮਲ ਹਨ।ਵਿਸ਼ੇਸ਼ ਪੁਲਿਸ ਅਧਿਕਾਰੀ ਅਹਿਮਦ ਨੇ ਦੱਸਿਆ ਕਿ ਅਸੀਂ ਦੋਹਾਂ ਆਤਮਘਾਤੀ ਹਮਲਾਵਰਾਂ ਦਾ ਸਿਰ ਬਰਾਮਦ ਕਰ ਲਿਆ ਹੈ। ਉਹ ਪੈਦਲ ਆਏ ਸਨ। ਹੋਰ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਦੀ ਉਮਰ 17 ਤੋਂ 20 ਸਾਲ ਵਿਚਾਲੇ ਸੀ। ਉਨ੍ਹਾਂ ਕਿਹਾ ਕਿ ਇਕ ਹਮਲਾਵਰ ਦਾ ਸਿਰ ਤਾਂ ਧੜ ਨਾਲ ਜੁੜਿਆ ਹੋਇਆ ਸੀ ਪਰ ਦੂਜੇ ਦਾ ਪਤਾ ਨਹੀਂ ਲਗ ਸਕਿਆ। ਜ਼ਖ਼ਮੀਆਂ ਨੂੰ ਨੇੜਲੇ ਫ਼ੌਜੀ ਅਤੇ ਨਾਗਰਿਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਵੀ ਖ਼ਬਰ ਮਿਲੀ ਹੈ। ਸੈਨਾ ਨੇ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ ਅਤੇ ਧਮਾਕੇ ਵਾਲੀ ਥਾਂ ‘ਤੇ ਲੋਕਾਂ ਦੇ ਨਾਲ ਨਾਲ ਮੀਡੀਆ ਨੂੰ ਵੀ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਛਾਊਣੀ ਵੱਲ ਜਾਣ ਵਾਲੇ ਸਾਰੇ ਰਸਤਿਆਂ ‘ਤੇ ਫੌਜ ਦਾ ਪਹਿਰਾ ਲਗਾ ਦਿੱਤਾ ਗਿਆ ਹੈ ਅਤੇ ਇਸ ਗੱਲ ਦਾ ਪਤਾ ਫ਼ਿਲਹਾਲ ਨਹੀਂ ਲਗ ਸਕਿਆ ਕਿ ਹਮਲਾਵਰ ਸੁਰੱਖਿਆ ਚੱਕਰਵਿਊ ਨੂੰ ਤੋੜਨ ਵਿਚ ਕਿਵੇਂ ਕਾਮਯਾਬ ਹੋਏ। ਧਮਾਕੇ ਤੋਂ ਬਾਅਦ ਲਾਹੌਰ ਦੇ ਹਸਪਤਾਲਾਂ ਦੇ ਨੇੜੇ ਤੇੜੇ ਐਮਰਜੈਂਸੀ ਦੀ ਸਥਿਤੀ ਲਾਗੂ ਕਰ ਦਿੱਤੀ ਗਈ ਹੈ। ਅਜੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਸਾਲ ਤੋਂ ਹੁਣ ਤੱਕ ਲਾਹੌਰ ਵਿਚ ਕਈ ਆਤਮਘਾਤੀ ਹਮਲੇ ਹੋਏ ਹਨ। ਜ਼ਿਆਦਾਤਰ ਹਮਲਿਆਂ ਵਿਚ ਸਰਕਾਰੀ ਇਮਾਰਤਾਂ ਅਤੇ ਆਈ ਐਸ ਆਈ ਅਤੇ ਸ਼ੱਕੀ ਜਾਂਚ ਏਜੰਸੀ ਸਰੀਖੇ ਸ਼ੱਕੀ ਸੰਗਠਨਾਂ ਦੇ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ