This option will reset the home page of Nava Panga Online restoring closed widgets and categories.

Reset Nava Panga Online homepage

ਵਦਿਆਰਥੀਆਂ ਦਾ ਕੁਟਾਪਾ

ਜਗਰਾਉਂ/ ਮਾਰਚ (ਲਾਲੀ ਬਾਠ ਮੁਗਲ ਮਾਜਰਾ)

ਪੰਜਾਬ ਰੋਡਵੇਜ਼ ਦੇ ਸਥਾਨਕ ਡਿੱਪੂ ‘ਚ ਅੱਜ ਮੋਗਾ ਅਤੇ ਅਜੀਤਵਾਲ ਕਾਲਜਾਂ ਦੇ ਵਿਦਿਆਰਥੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ। ਇੱਕ ਬੱਸ ਦੇ ਸ਼ੀਸ਼ੇ ਤੋੜਣ ਤੋਂ ਬਾਅਦ ਹੋਰ ਨੁਕਸਾਨ ਕਰਨ ‘ਤੇ ਉਤਾਰੂ ਇਨ੍ਹਾਂ ਵਿਦਿਆਰਥੀਆਂ ਦੀ ਰੋਡਵੇਜ਼ ਕਾਮਿਆਂ ਨੇ ਇਕੱਠੇ ਹੋ ਕੇ ਚੰਗੀ ਧੌੜੀ ਲਾਈ। ਰੋਡਵੇਜ਼ ਕਾਮਿਆਂ ਨੇ ਅੰਦਰੋਂ ਗੇਟ ਬੰਦ ਕਰਕੇ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕੀਤਾ ਤਾਂ ਕੁਟਾਪੇ ਤੋਂ ਬਚਣ ਲਈ ਇਹ ਵਿਦਿਆਰਥੀ ਗੇਟ ਟੱਪ ਕੇ ਭੱਜਦੇ ਦੇਖੇ ਗਏ।

ਰੋਡਵੇਜ਼ ਡਿੱਪੂ ਦੇ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਯਮੁਨਾਨਗਰ ਤੋਂ ਬੱਸ ਲੈ ਕੇ ਮੋਗੇ ਜਾ ਰਹੇ ਸਨ। ਸਾਢੇ ਦਸ ਵਜੇ ਦੇ ਕਰੀਬ ਬੱਸ ਜਗਰਾਉਂ ਬੱਸ ਅੱਡੇ ਦੇ ਬਾਹਰ ਆ ਕੇ ਰੁਕੀ ਤਾਂ ਇਕੱਠੇ 50 ਵਿਦਿਆਰਥੀ ਇਸ ‘ਚ ਚੜ੍ਹ ਗਏ। ਇਹ ਸਾਰੇ ਵਿਦਿਆਰਥੀ ਮੋਗਾ ਅਤੇ ਅਜੀਤਵਾਲਾ ਜਾਣਾ ਚਾਹੁੰਦੇ ਸਨ। ਸਤਨਾਮ ਸਿੰਘ ਨੇ ਉਨ੍ਹਾਂ ਨੂੰ ਇਕੱਠੇ ਇੱਕੋ ਬੱਸ ‘ਚ ਸਵਾਰ ਨਾ ਹੋਣ ਦੀ ਥਾਂ ਅਲੱਗ-ਅਲੱਗ ਬੱਸਾਂ ‘ਚ ਜਾਣ ਲਈ ਕਿਹਾ। ਕੰਡਕਟਰ ਨੇ ਸਾਰਿਆਂ ਨੂੰ ਲਿਜਾਣ ਦੀ ਅਸਮਰਥਾ ਪ੍ਰਗਟਾਈ, ਪਰ ਕੋਈ ਵੀ ਵਿਦਿਆਰਥੀ ਗੱਲ ਮੰਨਣ ਨੂੰ ਤਿਆਰ ਨਹੀਂ ਹੋਇਆ। ਇਸ ‘ਤੇ ਡਰਾਇਵਰ ਬੱਸ ਨੂੰ ਰੋਡਵੇਜ਼ ਦੇ ਸਿੱਧਵਾਂ ਬੇਟ ਰੋਡ ਸਥਿਤ ਡਿੱਪੂ ‘ਚ ਲੈ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਬੱਸ ‘ਚੋਂ ਉਤਰ ਕੇ ਖੱਪ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਬੱਸ ਦੇ ਸ਼ੀਸ਼ੇ ਤੋੜਨ ਉਪਰੰਤ ਹੋਰ ਨੁਕਸਾਨ ਕਰਨ ‘ਤੇ ਉਤਾਰੂ ਹੋ ਗਏ। ਇਸ ‘ਤੇ ਰੋਡਵੇਜ਼ ਕਾਮੇ ਇਕੱਠੇ ਹੋ ਗਏ ਅਤੇ ਵਿਦਿਆਰਥੀਆਂ ਨੂੰ ਕੁਟਾਪਾ ਚਾੜ੍ਹਿਆ।

ਘਟਨਾ ਬਾਰੇ ਪਤਾ ਲੱਗਣ ‘ਤੇ ਥਾਣਾ ਮੁਖੀ ਪਵਨਜੀਤ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਵਿਦਿਆਰਥੀ ਭੱਜ ਚੁੱਕੇ ਸਨ। ਡਿੱਪੂ ਪ੍ਰਧਾਨ ਅਮਰੀਕ ਸਿੰਘ ਮੀਕਾ ਨੇ ਦੱਸਿਆ ਕਿ ਰੋਡਵੇਜ਼ ਕਾਮਿਆਂ ਨੇ ਡਿੱਪੂ ਅੰਦਰ ਭੰਨ-ਤੋੜ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ।

  • Share/Bookmark