This option will reset the home page of Nava Panga Online restoring closed widgets and categories.

Reset Nava Panga Online homepage

ਬਾਦਲ ਸਿੱਖ ਕੌਮ ਦੇ ਮਸਲਿਆਂ ਸਬੰਧੀ ਸੁਹਿਰਦ ਹੋਣ ਅਸੀਂ ਸਾਰਾ ਸੇਹਰਾ ਉਨ੍ਹਾਂ ਸਿਰ ਬੰਨ ਦਿਆਂਗੇਂ : ਸਰਨਾ

ਅਗਾਮੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਿੱਖੀ ਦੇ ਭਵਿੱਖ ਦਾ ਫੈਸਲਾ ਕਰਨਗੀਆਂ

ਬਠਿੰਡਾ, 9 ਮਾਰਚ  ਜੇਕਰ ਪ੍ਰਕਾਸ਼ ਸਿੰਘ ਬਾਦਲ ਸੱਚੇ ਦਿੱਲੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜਾਵਾਂ ਕੱਟ ਰਹੇ ਨਿਰੋਦਸ਼ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਕਾਲੀਆਂ ਸੂਚੀਆਂ ਖਤਮ ਕਰਵਾਉਣ ਲਈ ਸੁਹਿਰਦ ਹੈ ਤਾਂ ਅਸੀਂ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੇ ਤੌਰ ਤੇ ਕੀਤੇ ਗਏ ਸਾਰੇ ਯਤਨਾਂ ਦਾ ਸਾਰਾ ਸਿਹਰਾ ਉਸਦੇ ਸਿਰ ਬੰਨਣ ਨੂੰ ਤਿਆਰ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕੀਤਾ । ਉਨ੍ਹਾਂ ਨੇ ਅਗਾਮੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਨੇ ਸਿੱਖਾਂ ਦੇ ਭਵਿੱਖ ਦੇ ਨਾਲ-ਨਾਲ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜਾਮ ਦਾ ਫੈਸਲਾ ਕਰਨਾ ਹੈ । ਇਸ ਲਈ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਮਿਲ ਕੇ ਇਹ ਚੋਣਾਂ ਲੜਾਂਗੇ ਤਾਂ ਕਿ ਪੰਥਕ ਦੀ ਸਿਰਮੋਰ ਸੰਸਥਾ ਨੰ ਬਾਦਲ ਦੇ ਚੰਗੁਲ ਤੋਂ ਮੁਕਤ ਕਰਵਾਇਆ ਜਾ ਸਕੇ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਉਪਰ ਕਾਬਜ ਜੱਥੇਦਾਰ ਨੂੰ ਬਾਦਲਕਿਆਂ ਤੋਂ ਮੁਕਤ ਕਰਵਾਉਣ, ਗੁਰੂ ਦੇ ਸਿਧਾਂਤਾਂ ਨੂੰ ਲਾਗੂ ਕਰਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਨੂੰ ਬਰਾਬਰੀ ਦਾ ਦਰਜਾ ਨਾ ਦਿਵਾਉਣ ਤੇ ਨਾਨਕਸ਼ਾਹੀ ਕਲੰਡਰ ਸਮੇਤ ਹੋਰ ਪੰਥਕ ਵਿਵਾਦਾਂ ਨੂੰ ਹੱਲ ਕਰਨ ਦੇ ਲਈ 11 ਅਪ੍ਰੈਲ ਨੂੰ ਦਿੱਲੀ ਵਿਖੇ ਸੱਦੀ ਗਈ ਵਰਲਡ ਸਿੱਖ ਕਨਵੈਂਸ਼ਨ ਇੱਕ ਇਤਿਹਾਸਕ ਕਨਵੈਂਸ਼ਨ ਸਾਬਤ ਹੋਵੇਗੀ । ਪਾਕਿਸਤਾਨ ਵਿੱਚ ਮਾਰੇ ਗਏ ਸਿੱਖਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਸ. ਸਰਨਾ ਨੇ ਤਿੱਖੇ ਸੁਰ ਵਿੱਚ ਬਾਦਲ ਵੱਲ ਆਪਣਾ ਨਿਸ਼ਾਨਾ ਸੇਧਦਿਆਂ ਹੋਇਆਂ ਕਿਹਾ ਕਿ ਉਥੇ ਤਾਂ ਤਾਲੀਬਾਨਾ ਵੱਲੋਂ ਕੇਵਲ ਪੈਸੇ ਦੀ ਖਾਤਿਰ ਸਿੱਖਾਂ ਨੂੰ ਮਾਰਿਆ ਗਿਆ ਹੈ ਪਰ ਇੱਥੇ ਆਪਣੀ ਸੱਤਾ ਨੂੰ ਬਚਾਉਣ ਦੀ ਖਾਤਿਰ ਪੰਜਾਬ ਦੇ ਤਾਲੀਬਾਨਾ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਸਿੱਖ ਮਰਵਾ ਦਿੱਤੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਹੀ ਪਾਕਿਸਤਾਨ ਵਿੱਚ ਵਸਦੇ ਹੋਏ ਸਿੱਖਾਂ ਨਾਲ ਹਮਦਰਦੀ ਵਾਲੀ ਸਾਂਝ ਰਹੀ ਹੈ । ਪਰ ਕੁਝ ਲੋਕ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਕੇ ਜਾਣਬੁੱਝ ਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ । ਲੁਧਿਆਣਾ ਗੋਲੀ ਕਾਂਡ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਜਸਟਿਸ ਦੁਆਬੀਆ ਦੀ ਅਗਵਾਈ ਹੇਠ ਗਠਤ ਕੀਤੀ ਗਈ ਕਮੇਟੀ ਦੀ ਰਿਪੋਰਟ ਹੁਣ ਤੱਕ ਜਨਤਾ ਦੇ ਸਾਹਮਣੇ ਨਾ ਲਿਆਉਣ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਕਤ ਕਮੇਟੀ ਵੱਲੋਂ ਸਾਰੇ ਤੱਥਾਂ ਦੀ ਸਹੀ ਢੰਗ ਨਾਲ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਜੋ ਕਿ ਇੱਕ ਹਫਤੇ ਦੇ ਅੰਦਰ-ਅੰਦਰ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜੱਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਗੁਰਦੀਪ ਸਿੰਘ ਗੋਸ਼ਾ, ਬਲਵਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਮੁੰਡੀਆਂ ਸਮੇਤ ਪਾਰਟੀ ਦੇ ਕਈ ਅਹੁੱਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

  • Share/Bookmark