ਫਗਵਾੜਾ ਵਿੱਚ ਦਿਨ ਦਿਹਾੜੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ
ਫਗਵਾੜਾ,-ਅੱਜ ਇਥੇ ਦਿਨ ਦਿਹਾੜੇ ਸਥਾਨਕ ਹਰਗੋਬਿੰਦ ਨਗਰ ਵਿੱਚ ਗਾਂਧੀ ਹਸਪਤਾਲ ਦੇ ਨੇੜੇ ਭਾਜਪਾ ਦੇ ਜ਼ਿਲਾ ਸਕੱਤਰ ਅਤੇ ਭਾਜਯੂਮੋ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਢਿਲੋਂ ਉਰਫ ਦੱਛੀ ਦਾ ਕਾਲੀ ਸਕਾਰਪਿਓ ਸਵਾਰ ਕਰੀਬ ਅੱਧੀ ਦਰਜਨ ਹਮਲਾਵਰਾਂ ਨੇ ਗੋਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕੱਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਹਮਲਾਵਰ ਦੱਛੀ ਦਾ ਲਾਇਸੈਂਸੀ ਰਿਵਾਲਵਰ ਵੀ ਖੋਹ ਕਿ ਲੈ ਗਏ। ਸੁਦਰਸ਼ਨ ਢਿਲੋਂ ਦੇ ਕਤਲ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਰੋਸ ਫੈਲ ਗਿਆ ਅਤੇ ਭਾਰੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਉਨ੍ਹਾਂ ਦੇ ਸਮਰਥਕ ਗਾਂਧੀ ਹਸਪਤਾਲ ਪਹੁੰਚ ਗਏ। ਰੋਸ ਵਿੱਚ ਆਏ ਉਨ੍ਹਾਂ ਦੇ ਸਮਰਥਕਾਂ ਨੇ ਸਾਰਾ ਸ਼ਹਿਰ ਬੰਦ ਕਰਵਾ ਦਿੱਤਾ ਅਤੇ ਜੀ.ਟੀ ਰੋਡ ਤੇ ਗੋਲ ਚੋਂਕ ਵਿੱਚ ਧਰਨਾ ਦੇ ਕਿ ਟਰੈਫਿਕ ਜਾਮ ਕਰ ਦਿੱਤਾ ਕਰੀਬ ਢਾਈ ਘੰਟੇ ਤੱਕ ਟਰੈਫਿਕ ਪ੍ਰਭਾਵਿਤ ਰਿਹਾ। ਯਾਦ ਰਹੇ ਕਿ ਫਗਵਾੜਾ ਵਿੱਚ ਪਹਿਲਾਂ ਵੀ ਸ਼ੁਕਰਵਾਰ ਵਾਲੇ ਦਿਨ ਹੀ ਗੋਲੀਕਾਂਡ ਹੋਏ ਅਤੇ ਅੱਜ਼ ਵੀ ਸ਼ੁਕਰਵਾਰ ਹੀ ਸੀ। ਪੁਲਿਸ ਸੂਤਰਾਂ ਦੇ ਅਨੁਸਾਰ ਇਸ ਵਾਰਦਾਤ ਵਿੱਚ ਵੀ ਪਹਿਲਾਂ ਵਾਲੇ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਆਈ.ਜੀ ਜਲੰਧਰ ਰੇਂਜ ਸ਼ਰਦ ਸਤਿਆ ਚੌਹਾਨ,ਐਸ.ਐਸ.ਪੀ ਰਾਮ ਸਿੰਘ,ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਸਮੇਤ ਭਾਰੀ ਪੁਲਿਸ ਫੋਰਸ ਫਗਵਾੜਾ ਪਹੁੰਚ ਗਈ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੰਗਾ ਰੋਡ ਤੇ ਵਿਸ਼ਵਕਰਮਾ ਮੰਦਿਰ ਨੇੜੇ ਦੇ ਵਸਨੀਕ ਸੁਦਰਸ਼ਨ ਢਿੰਲੋਂ ਉਰਫ ਦੱਛੀ ਪੁੱਤਰ ਨਿਰਮਲ ਸਿੰਘ ਅੱਜ਼ ਸਵੇਰੇ ਆਪਣੀ ਸਿਲਵਰ ਰੰਗ ਦੀ ਆਲਟੋ ਕਾਰ ਨੰਬਰ ਪੀ.ਬੀ/36/ਈ/3333 ਵਿੱਚ ਸਵਾਰ ਹੋ ਕਿ ਹਰਗੋਬਿੰਦ ਨਗਰ ਦੇ ਰਾਸਤੇ ਤੋਂ ਫਗਵਾੜਾ ਸ਼ਹਿਰ ਵੱਲ ਨੂੰ ਆ ਰਹੇ ਸਨ ਤਾਂ ਜਦੋਂ ਉਨ੍ਹਾਂ ਦੀ ਗੱਡੀ ਗਾਂਧੀ ਹਸਪਤਾਲ ਦੇ ਨੇੜੇ ਪਹੁੰਚੀ ਤਾਂ ਪਿਛੋਂ ਆ ਰਹੀ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਵਿੱਚ ਸਵਾਰ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਸਕਾਰਪਿਓ ਸਵਾਰ ਨੌਜਵਾਨਾਂ ਨੇ ਮੁੰਹ ਬੰਨ੍ਹੇ ਹੋਏ ਸਨ,ਇਕ ਨੌਜਵਾਨ ਤੇ ਡਰਾਈਵਰ ਵਾਲੀ ਸੀਟ ਤੇ ਬੈਠਾ ਰਿਹਾ ਜਦਕਿ ਕੁਝ ਹੋਰ ਨੌਜਵਾਨ ਜ਼ਿਨ੍ਹਾਂ ਦੇ ਪਾਸ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਉਨ੍ਹਾਂ ਨੇ ਗੱਡੀ ਵਿਚੋਂ ਉਤਰਦੇ ਹੀ ਸੁਦਰਸ਼ਨ ਢਿਲੋਂ ਦੇ ਸਿਰ ਤੇ ਗੋਲੀ ਮਾਰੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸਨੇ ਆਪਣੀ ਕਾਰ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰਾਂ ਨੇ ਦੋ ਹੋਰ ਗੋਲੀਆਂ ਮਾਰ ਦਿੱਤੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਿਰ ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਹਮਲਾਵਰ ਦਿਨ ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦੇ ਕਿ ਸੁਦਰਸ਼ਨ ਢਿੰਲੋਂ ਨੂੰ ਲਹੁ-ਲੁਹਾਣ ਕਰਕੇ ਮੋਕੇ ਤੋਂ ਫਰਾਰ ਹੋ ਗਏ,ਅਤੇ ਜਾਂਦੇ ਹੋਏ ਉਸਦਾ ਲਾਇਸੈਂਸੀ ਰਿਵਾਲਵਰ ਵੀ ਲੈ ਗਏ। ਇਸ ਵਾਰਦਾਤ ਦੀ ਸੂਚਨਾ ਮਿਲਨ ਤੇ ਫੌਰਨ ਗਾਂਧੀ ਹਸਪਤਾਲ ਦੇ ਡਾਕਟਰ ਸਤਨਾਮ ਸਿੰਘ ਪਰਮਾਰ ਉਸਨੂੰ ਹਸਪਤਾਲ ਵਿੱਚ ਤਾਂ ਲੈ ਗਏ ਪਰ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਭਾਰੀ ਪੁਲਿਸ ਫੋਰਸ ਸਮੇਤ ਮੋਕੇ ਤੇ ਪਹੁੰਚੇ ਅਤੇ ਘਟਨਾ ਦਾ ਜ਼ਾਇਜ਼ਾ ਲਿਆ। ਸੁਦਰਸ਼ਣ ਢਿੰਲੋਂ ਦੇ ਸਮਰਥਕ ਉਸਦੇ ਕਤਲ ਦੀ ਖਬਰ ਮਿਲਦੇ ਹੀ ਮੋਕੇ ਤੇ ਪਹੁੰਚ ਗਏ ਅਤੇ ਰੋਸ ਵਿੱਚ ਆਏ ਭਾਜਪਾ ਵਰਕਰਾਂ ਨੇ ਸ਼ਹਿਰ ਬੰਦ ਕਰਵਾ ਦਿੱਤਾ ਅਤੇ ਰੋਸ ਪ੍ਰਗਟਾਉਂਦੇ ਹੋਏ ਜੀ.ਟੀ.ਰੋਡ ਤੇ ਪਹੁੰਚ ਗਏ ਅਤੇ ਧਰਨਾ ਦੇ ਕਿ ਟਰੈਫਿਕ ਜਾਮ ਕਰ ਦਿੱਤਾ। ਭਾਜਪਾ ਵਰਕਰਾਂ ਨੇ ਪੁਲਿਸ ਦੀ ਢਿੱਲੀ ਕਾਰਜਪ੍ਰਣਾਲੀ ਤੇ ਰੋਸ ਪ੍ਰਗਟਾਇਆ ਅਤੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਦੇ ਭਰੋਸੇ ਤੋਂ ਬਾਅਦ ਭਾਜਪਾ ਵਰਕਰਾਂ ਨੇ ਧਰਨਾ ਹਟਾਇਆ ਅਤੇ ਰੈਸਟ ਹਾਉਸ ਇਕੱਠੇ ਹੋ ਗਏ। ਭਾਜਪਾ ਸਕੱਤਰ ਦੇ ਕਤਲ ਤੋਂ ਬਾਅਦ ਰੈਸਟ ਹਾਉਸ ਵਿਖੇ ਇਕੱਤਰ ਹੋਏ ਭਾਜਪਾ ਅਤੇ ਭਾਜਯੂਮੋਰਚਾ ਦੇ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਰੋਸ ਦਿਖਾਈ ਦਿੱਤਾ। ਇਸ ਮੋਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਹੀ ਸਰਕਾਰ ਹੋਵੇ ਅਤੇ ਉਨ੍ਹਾਂ ਦੇ ਆਗੂਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਤੇ ਪੁਲਿਸ ਹਨੇਰੇ ਵਿੱਚ ਤੀਰ ਚੱਲਾ ਰਹੀ ਹੈ। ਭਾਜਪਾ ਆਗੂਆਂ ਨੇ ਸਾਫ ਕਿਹਾ ਕਿ ਜਦੋਂ ਤੱਕ ਢਿੰਲੋਂ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਨਹੀ ਕੀਤਾ ਜਾਂਦਾ ਫਗਵਾੜਾ ਖੁੱਲਣ ਨਹੀ ਦਿੱਤਾ ਜਾਵੇਗਾ। ਇਸ ਮੋਕੇ ਭਾਜਪਾ ਆਗੂ ਤੇਜ਼ਸਵੀ ਭਾਰਦਵਾਜ਼,ਬੱਲਭੱਦਰ ਸੈਨ ਦੁੱਗਲ,ਸੁਦੇਸ਼ ਸ਼ਰਮਾਂ,ਅਵਤਾਰ ਸਿੰਘ ਮੰਡ,ਸੰਜੂ ਚਹਿਲ,ਬੰਟੂ ਵਾਲੀਆ,ਬੱਲੂ ਵਾਲੀਆ,ਰਾਕੇਸ਼ ਦੁੱਗਲ,ਗੁਰਦੀਪ ਦੀਪਾ,ਦਰਸ਼ਨ ਲਾਲ ਫੌਰਮੇਨ,ਸ਼ਿਵ ਸੈਨਾਂ ਬਾਲ ਠਾਕਰੇ ਆਗੂ ਇੰਦਰਜੀਤ ਕਰਵਲ,ਪਵਨ ਪ੍ਰਭਾਕਰ,ਰਾਜੇਸ਼ ਪਲਟਾ,ਵਿਪਨ ਸ਼ਰਮਾਂ,ਅਮਿਤ ਸ਼ੁਕਲਾ,ਕਵਿਤ ਆਹੂਜ਼ਾ,ਰਾਜੂ ਚਾਵਲਾ,ਹਤਿੰਦਰ ਰਾਣਾ,ਹਰਦੀਪ ਦੀਪਾ,ਕੋਂਸਲਰ ਸਰਿਤਾ ਸੂਦ,ਵਿੱਕੀ ਸੂਦ,ਦੇਵ ਸ਼ਰਮਾਂ ਸਮੇਤ ਭਾਰੀ ਗਿਣਤੀ ਵਿੱਚ ਭਾਜਪਾ ਅਤੇ ਭਾਜਯੂਮੋਰਚਾ ਦੇ ਆਗੂ ਅਤੇ ਵਰਕਰ ਮੌਜ਼ੂਦ ਸਨ। ਰੈਸਟ ਹਾਉਸ ਵਿੱਚ ਪਹੁੰਚੇ ਜਲੰਧਰ ਰੇਂਜ਼ ਦੇ ਡੀ.ਆਈ.ਜ਼ੀ ਸ਼ਰਦ ਸਤਿਆ ਚੌਹਾਨ,ਐਸ.ਐਸ.ਪੀ ਕਪੂਰਥਲਾ ਰਾਮ ਸਿੰਘ,ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਭਾਜਪਾ ਆਗੂਆਂ ਦੀ ਗੱਲਬਾਤ ਸੁਣੀ ਅਤੇ ਡੀ.ਆਈ.ਜ਼ੀ ਚੌਹਾਨ ਨੇ ਭਾਜ਼ਪਾ ਆਗੂਆਂ ਨੂੰ ਭਰੋਸਾ ਦਵਾਇਆ ਕਿ 48 ਤੋਂ 72 ਘੰਟੇ ਵਿੱਚ ਕਾਤਲ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਕਾਤਲਾਂ ਨੂੰ ਫੜਣ ਲਈ ਐਸ.ਐਸ.ਪੀ ਕਪੂਰਥਲਾ ਰਾਮ ਸਿੰਘ,ਐਸ.ਐਸ.ਪੀ (ਦਿ) ਜਲੰਧਰ ਅਸ਼ੀਸ਼ ਚੌਧਰੀ ਅਤੇ ਐਸ.ਐਸ.ਪੀ ਨਵਾਂਸ਼ਹਿਰ ਰਾਕੇਸ਼ ਅਗਰਵਾਲ ਤੇ ਅਧਾਰਿਤ ਇਕ ਟੀਮ ਬਣਾ ਦਿੱਤੀ ਗਈ ਹੈ,ਜਿਹੜੀ ਕਿਸੇ ਵੀ ਹਾਲਤ ਵਿੱਚ ਕਾਤਲਾਂ ਨੂੰ ਗ੍ਰਿਫਤਾਰ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਵਿੱਚ ਫਗਵਾੜਾ ਵਿੱਚ ਇਹ ਇਕੋ ਤਰ੍ਹਾਂ ਦਾ ਤੀਸਰਾ ਗੋਲੀਕਾਂਡ ਹੋਇਆ ਹੈ।