ਬਦਮਾਸ਼ਾਂ ਨੇ ਜਿਉਂਦੀ ਸਾੜੀ ਮੁਟਿਆਰ
ਮੱਧ ਪ੍ਰਦੇਸ਼ ਦੇ ਛਤਰਪੁਰ ਸ਼ਹਿਰ ਵਿਚ ਓਰਛਾ ਰੋਡ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹਮਾ ਵਿਖੇ ਚਾਰ ਬਦਮਾਸ਼ਾਂ ਵੱਲੋਂ ਇੱਕ 17 ਸਾਲਾ ਮੁਟਿਆਰ ਨੂੰ ਜਿਉਂਦੇ ਸਾੜਨ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ।ਅੱਗ ਵਿਚ ਬੁਰੀ ਤਰ੍ਹਾਂ ਝੁਲਸੀ ਮੁਟਿਆਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਸਪੀ ਸਮੀਰ ਯਾਦਵ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਤਹਿਸੀਲਦਾਰ ਨੂੰ ਬੀਤੇ ਕੱਲ੍ਹ ਦਿੱਤੇ ਬਿਆਨ ਵਿਚ ਮੁਟਿਆਰ ਸੰਧਿਆ ਰਿਚਾਰੀਆ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਆਪਣੇ ਘਰ ਵਿਚ ਇਕੱਲੀ ਸੀ।ਮਾਪੇ ਖੇਤਰ ਵਿਚ ਗਏ ਹੋਏ ਸਨ ਕਿ ਦੁਪਹਿਰ ਵੇਲ੍ਹੇ ਲਗਭੱਗ 2.45 ਵਜੇ ਪਿੰਡ ਦੇ ਚਾਰ ਬਦਮਾਸ਼ ਨੌਜਵਾਨ ਉਸ ਦੇ ਘਰ ਦਾ ਦਰਵਾਜਾ ਤੋੜਨ ਲੱਗ ਪਏ।
ਦਰਵਾਜਾ ਨਾ ਖੁੱਲਣ ‘ਤੇ ਉਹ ਛੱਪਰ ਰਾਹੀਂ ਘਰ ਵਿਚ ਦਾਖਲ ਹੋ ਗਏ ਅਤੇ ਹੀਰਾਲਾਲ, ਰਮਾਕਾਂਤ, ਦੀਪਕ ਅਤੇ ਅਸ਼ੋਕ ਨੇ ਮਿਲ ਕੇ ਉਸ ਉੱਪਰ ਮਿੱਟੀ ਦਾ ਤੇਲ ਪਾਇਆ ਅਤੇ ਅੱਗ ਲਗਾ ਉੱਥੋਂ ਫਰਾਰ ਹੋ ਗਏ।
ਘਰੋਂ ਧੂੰਆਂ ਉੱਠਣ ਅਤੇ ਮੁਟਿਆਰ ਦੇ ਚੀਖਣ ਮਗਰੋਂ ਪੇਂਡੂਆਂ ਨੇ ਦਰਵਾਜਾ ਖੋਲਿਆ।ਉਦੋਂ ਤੱਕ ਉਹ 90 ਫੀਸਦੀ ਸੜ੍ਹ ਚੁੱਕੀ ਸੀ।ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।ਪੁਲਿਸ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਕਰ ਰਹੀ ਹੈ।