ਸਤਨ ਕੈਂਸਰ ਦਾ ਇਲਾਜ ਅੰਬ ਨਾਲ
ਆਪਣੇ ਲਜ਼ੀਜ਼ ਸਵਾਦ ਦੇ ਕਾਰਨ ਲੱਖਾਂ ਲੋਕਾਂ ਦੀ ਜਵਾਨ ‘ਤੇ ਰਾਜ ਕਰਨ ਵਾਲਾ ਫ਼ਲ ਅੰਬ ਸਤਨ ਕੈਂਸਰ ਅਤੇ ਕੋਲੋਨ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵੀ ਵਧਣ ਤੋਂ ਰੋਕਦਾ ਹੈ। ਟੈਕਸਾਸ ਦੀ ਏ ਐਂਡ ਐਮ ਯੂਨੀਵਰਸਿਟੀ ਦੇ ਅਮਰੀਕੀ ਭੋਜਨ ਪਦਾਰਥ ਮਾਹਿਰਾਂ ਨੇ ਪ੍ਰਯੋਗਸ਼ਾਲਾ ਵਿੱਚ ਆਪਣੇ ਸ਼ੋਧ ਵਿੱਚ ਪਾਇਆ ਹੈ ਕਿ ਅੰਬ ਚੋਂ ਕੱਢੇ ਗਏ ਪੌਲੀਫਿਨੋਲ ਤੱਤ ਵਿੱਚ ਕੈਂਸਰ ਰੋਧੀ ਸ਼ਕਤੀ ਹੁੰਦੀ ਹੈ ਅਤੇ ਇਹ ਸਤਨ ਅਤੇ ਕੋਲੋਨ ਕੈਂਸਰ ਵਿੱਚ ਕੁਝ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕਦਾ ਹੈ। ਭੋਜਨ ਮਾਹਿਰ ਡਾ. ਸੁਸੇਨ ਟਾਲਕੋਟ ਅਤੇ ਉਹਨਾਂ ਦੇ ਪਤੀ ਡਾ. ਸਟੀਵ ਟਾਲਕੋਟ ਨੇ ਪੰਜ ਕਿਸਮ ਦੇ ਅੰਬਾਂ ਚੋਂ ਕੱਢੇ ਗਏ ਪੌਲੀਫਿਨੋਲ ਤੱਤ ਦਾ ਕੋਲੋਨ, ਸਤਨ, ਫੇਫੜੇ, ਲਿਊਕੇਮੀਆ ਅਤੇ ਪ੍ਰੋਸਟੇਟ ਕੈਂਸਰ ਦੀਆਂ ਕੋਸ਼ਿਕਾਵਾਂ ਤੇ ਪ੍ਰੀਖਣ ਕੀਤਾ। ਇਹਨਾਂ ਅੰਬਾਂ ਦੀਆਂ ਕਿਸਮਾਂ ਵਿੱਚ ਕੇਂਟ, ਫ੍ਰਾਂਸਿਨੀ, ਅਤੌਲਫੋ, ਟਾਮੀ ਅਤੇ ਹੇਡਨ ਸ਼ਾਮਿਲ ਸਨ। ਪੌਲੀਫਿਨੋਲ ਪੌਦਿਆਂ ਵਿੱਚ ਕੁਦਰਤੀ ਰੂਪ ਨਾਲ ਨਿੱਕਲਣ ਵਾਲਾ ਐਂਟੀ ਆਕਸੀਡੈਂਟ ਹੈ, ਜਿਸ ਵਿੱਚ ਸਰੀਰ ਦਾ ਰੋਗਾਂ ਤੋਂ ਬਚਾਅ ਕਰਨ ਦੀ ਸ਼ਕਤੀ ਹੁੰਦੀ ਹੈ। ਟਾਲਕੋਟ ਜੋੜੇ ਨੇ ਪਾਇਆ ਕਿ ਅੰਬ ਚੋਂ ਕੱਢੇ ਗਏ ਇਸ ਤੱਤ ਨੇ ਸਤਨ ਅਤੇ ਕੋਲੋਨ ਕੈਂਸਰ ਦੇ ਮਾਮਲੇ ਵਿੱਚ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕਣ ਦੀ ਦਿਸ਼ਾ ਵਿੱਚ ਸ਼ਾਨਦਾਰ ਨਤੀਜਾ ਦਿੱਤਾ। ਅਸਲ ਵਿੱਚ ਇਹਨਾਂ ਦੋ ਪ੍ਰਕਾਰ ਦੇ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਉਸਨੇ ਨਸ਼ਟ ਕਰ ਦਿੱਤਾ।
