ਸ਼ਾਹਰੁਖ ਦੇ ਸਮਰਥਨ ‘ਚ ਉੱਤਰਿਆ ਬਾਲੀਵੁੱਡ

ਪਾਕਿਸਤਾਨੀ ਖਿਡਾਰੀਆਂ ਨੂੰ ਆਈਪੀਐਲ ਵਿੱਚ ਸ਼ਾਮਿਲ ਕੀਤੇ ਜਾਣ ਦੇ ਪੱਖ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਦੇ ਬਿਆਨ ‘ਤੇ ਭੜਕੀ ਸ਼ਿਵਸੈਨਾ ਨੇ ਸ਼ਾਹਰੁਖ ਨੂੰ ਮਾਫ਼ੀ ਮੰਗਣ ਲਈ ਕਿਹਾ, ਪਰ ਸ਼ਾਹਰੁਖ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਜਦੋਂ ਉਹਨਾਂ ਨੇ ਕੋਈ ਗ਼ਲਤੀ ਹੀ ਨਹੀਂ ਕੀਤੀ ਤਾਂ ਮਾਫ਼ੀ ਕਿਉਂ ਮੰਗਣ।
ਇਸ ਗੱਲ ਤੇ ਸ਼ਿਵਸੈਨਾ ਹੋਰ ਭੜਕ ਗਈ। ਸ਼ਿਵਸੈਨਾ ਨੇਤਾ ਸੰਜੇ ਰਾਉਤ ਨੇ ਤਾਂ ਸਾਫ਼ ਧਮਕੀ ਦਿੱਤੀ ਹੈ ਕਿ ਅਮਰੀਕਾ ਵਿੱਚ ਰਹਿ ਕੇ ਇਹ ਕਹਿਣਾ ਚੰਗਾ ਲੱਗਦਾ ਹੈ ਕਿ ਮਾਫ਼ੀ ਨਹੀਂ ਮੰਗਾਂਗਾ, ਪਰ ਜੇਕਰ ਹਿੰਮਤ ਹੈ ਤਾਂ ਮੁੰਬਈ ਵਿੱਚ ਆ ਕੇ ਇਹ ਗੱਲ ਕਹਿਣ ਕਿ ਮਾਫ਼ੀ ਨਹੀਂ ਮੰਗਾਂਗਾ।
ਉੱਧਰ ਸ਼ਿਵਸੈਨਾ ਮੁੰਬਈ ਦੇ ਸਿਨੇਮਾ ਹਾਲ ਮਾਲਿਕਾਂ ਨੂੰ ਧਮਕਾ ਰਹੀ ਹੈ ਕਿ ਜੇਕਰ ਉਹਨਾਂ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਮਾਈ ਨੇਮ ਇਜ਼ ਖਾਨ’ ਨੂੰ ਰਿਲੀਜ਼ ਕੀਤਾ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਸ਼ਿਵਸੈਨਾ ਦੀ ਧਮਕੀ ਨੂੰ ਦੇਖਦੇ ਹੋਏ ਕਈ ਸਿਨੇਮਾ ਹਾਲ ਮਾਲਿਕਾਂ ਨੇ ਫਿਲਮ ਦੇ ਪੋਸਟਰ ਹਾਲ ਚੋਂ ਹਟਾ ਦਿੱਤੇ ਹਨ।
ਸਿਨੇਮਾ ਹਾਲ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਚਾਹੁੰਦੇ ਅਤੇ ਉਹਨਾਂ ਨੂੰ ਡਰ ਹੈ ਕਿ ਜੇਕਰ ਉਹਨਾਂ ਨੇ ਸ਼ਿਵਸੈਨਾ ਦੀ ਗੱਲ ਨਹੀਂ ਮੰਨੀ ਤਾਂ ਉਹ ਹਾਲ ਵਿੱਚ ਤੋੜ-ਫੋੜ ਕਰ ਸਕਦੇ ਹਨ। ਬਾਲੀਵੁੱਡ ਦਾ ਇੱਕ ਵੱਡਾ ਤਬਕਾ ਇਸ ਮੁੱਦੇ ਤੇ ਸ਼ਿਵਸੈਨਾ ਦਾ ਵਿਰੋਧ ਕਰਦਾ ਹੈ, ਪਰ ਡਰ ਦੇ ਮਾਰੇ ਖੁੱਲ੍ਹ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ।
ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਜਰੂਰ ਮੀਡੀਆ ਦੇ ਸਾਹਮਣੇ ਆਏ। ਭੱਟ ਨੇ ਕਿਹਾ ਕਿ ਬਾਲੀਵੁੱਡ ਦੀ ਖਾਮੋਸ਼ੀ ਚੀਕ-ਚੀਕ ਕੇ ਕਹਿ ਰਹੀ ਹੈ ਕਿ ਇੱਥੇ ਡਰ ਇੱਕ ਰਿਐਲਿਟੀ ਹੈ। ਸਰਕਾਰ ਸਿਰਫ਼ ਬਿਆਨਬਾਜ਼ੀ ਨਾਲ ਇਸ ਸਮੱਸਿਆ ਨੂੰ ਸੁਲਝਾ ਨਹੀਂ ਸਕਦੀ। ਸਰਕਾਰ ਨੂੰ ਲੋਕਾਂ ਨੂੰ ਇਹ ਦੱਸਣਾ ਹੋਵੇਗਾ ਕਿ ਜੇਕਰ ਤੁਸੀਂ ਸੰਵਿਧਾਨ ਦੇ ਅਧਾਰ ਤੇ ਰਹਿੰਦੇ ਹੋ ਅਤੇ ਕਨੂੰਨ ਦਾ ਪਾਲਣ ਕਰਦੇ ਹੋ ਤਾਂ ਕੋਈ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ। ਭੱਟ ਦੇ ਇਲਾਵਾ ਟਵਿਟਰ ਤੇ ਕਈ ਹਸਤੀਆਂ ਨੇ ਆ ਕੇ ਸ਼ਾਹਰੁਖ ਦਾ ਸਮਰਥਨ ਕੀਤਾ।
ਪ੍ਰੀਤੀਸ਼ ਨੰਦੀ : ਕਾਂਗਰਸ ਨੂੰ ਇਨ੍ਹਾਂ ਗੁੰਡਿਆਂ ਨੂੰ ਰੋਕਣ ਵਿੱਚ ਸਿਰਫ਼ ਪੰਜ ਮਿੰਟ ਲੱਗਣਗੇ, ਪਰ ਸਵਾਲ ਇਹ ਹੈ ਕਿ ਕੀ ਕਾਂਗਰਸ ਅਜਿਹਾ ਕਰੇਗੀ।
ਮਹੇਸ਼ ਭੱਟ : ਜਿਸ ਨੇਤਾ ਨੂੰ ਫਿਲਮ ਤੋਂ ਇਤਰਾਜ ਹੈ ਉਹ ਆਪਣੇ ਸਮਰਥਕਾਂ ਨੂੰ ਕਹਿਣ ਕਿ ਫਿਲਮ ਨਾ ਦੇਖਣ। ਇਸ ਤੋਂ ਹੀ ਪਤਾ ਲੱਗ ਜਾਵੇਗਾ ਕਿ ਕਿਸ ਨੇਤਾ ਦਾ ਕਿੰਨਾ ਕ੍ਰਿਸ਼ਮਾ ਹੈ।
ਅਨੁਪਮ ਖੇਰ : ਮਾਈ ਨੇਮ ਇਜ਼ ਖਾਨ ਮਤਲਬ ਕਿ ਮਾਈ ਨੇਮ ਇਜ਼ ਡਿਸੂਜਾ, ਮਾਈ ਨੇਮ ਇਜ਼ ਸਿੰਘ, ਮਾਈ ਨੇਮ ਇਜ਼ ਖੇਰ ਅਤੇ ਮਾਈ ਨੇਮ ਇਜ਼ ਇੰਡੀਅਨ।
ਸੰਗੀਤਕਾਰ ਵਿਸ਼ਾਲ : ਮੈਂ ਇਸ ਅਭਿਆਨ ਨਾਲ ਜੁੜ ਕੇ ਖੁਸ਼ ਹਾਂ। ਪਹਿਲੀ ਵਾਰ ਕਿਸੇ ਨੇ ਅਜਿਹੇ ਲੋਕਾਂ ਖਿਲਾਫ ਅਵਾਜ਼ ਉਠਾਈ ਹੈ।
ਫਰਾਹ ਅਲੀ ਖਾਨ : ਜੈ ਹਿੰਦ ਕਹੋ ਨਾ ਕਿ ਜੈ ਮਹਾਰਾਸ਼ਟਰ, ਜੈ ਪੰਜਾਬ, ਜੈ ਕੇਰਲ, ਜੈ ਗੁਜਰਾਤ ਜਾਂ ਜੈ ਰਾਜਸਥਾਨ।