ਪਿੰਡ ਭੰਗਵਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਛੱਪੜ ‘ਚ ਸੁੱਟਿਆ
ਪੁਲਿਸ ਵੱਲੋਂ ਤਿੰਨ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ, ਇਕ ਕਾਬੂ, ਦੋ ਫ਼ਰਾਰ
ਮਜੀਠਾ 26 ਦਸੰਬਰ (ਲਾਲੀ ਬਾਠ ਮੂਗਲ ਮਾਜਰਾ) ਇਥੋਂ ਥੋੜੀ ਦੂਰ ਪੈਂਦੇ ਪਿੰਡ ਭੰਗਵਾਂ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਆਪਣੇ ਭਰਾਵਾਂ ਨਾਲ ਜ਼ਮੀਨ ਦਾ ਤਕਰਾਰ ਚੱਲ ਰਿਹਾ ਸੀ ਤੇ ਇਨ੍ਹਾਂ ਦੀ ਜ਼ਮੀਨ ਨੇੜੇ ਬਣਿਆ ਗੁਰਦੁਆਰਾ ਸ਼ਹੀਦਾਂ ਜੋ ਕਿ ਪਿੰਡ ਤੋਂ ਇਕ ਕਿਲੋਮੀਟਰ ਦੂਰੀ ‘ਤੇ ਜਗਤਾਰ ਸਿੰਘ ਤੇ ਇਸ ਦੇ ਭਰਾਵਾਂ ਦੀਆਂ ਬਹਿਕਾਂ ਲਾਗੇ ਸਥਿਤ ਹੈ
। ਬੀਤੇ ਸਮੇਂ ਵਿਚ ਵੀ ਜਗਤਾਰ ਸਿੰਘ ਇਸ ਗੁਰਦੁਆਰੇ ਦੇ ਬਾਹਰੀ ਦਰਵਾਜ਼ੇ ਨੂੰ ਤਾਲਾ ਮਾਰ ਲੈਂਦਾ ਸੀ, ਇਸੇ ਤਹਿਤ ਬੀਤੀ ਰਾਤ ਜਗਤਾਰ ਸਿੰਘ ਪੁੱਤਰ ਨਿਰੰਜਣ ਨੇ ਆਪਣੇ ਦੋ ਸਾਥੀਆਂ ਮੇਵਾ ਮਸੀਹ ਪੁੱਤਰ ਜਗਤ ਸਿੰਘ ਤੇ ਪ੍ਰੀਤਮ ਸਿੰਘ ਨਿਹੰਗ ਪੁੱਤਰ ਮਾਧਾ ਸਿੰਘ ਨੂੰ ਨਾਲ ਲੈ ਕੇ ਇਸ ਗੁਰਦੁਆਰੇ ਵਿਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਪਾਵਨ ਬੀੜਾਂ, ਗੁਰਬਾਣੀ ਦੇ ਗੁਟਕੇ ਤੇ ਹੋਰ ਧਾਰਮਿਕ ਸਮੱਗਰੀ ਤਾਲਾ ਤੋੜ ਕੇ ਉਥੋਂ ਚੁੱਕ ਕੇ ਇਕ ਕਿਲੋਮੀਟਰ ਦੂਰੀ ਤੇ ਪਿੰਡ ਦੇ ਛੱਪੜ ਵਿਚ ਸੁੱਟ ਦਿੱਤੇ। ਛੱਪੜ ਨਜ਼ਦੀਕ ਖੇਡ ਰਹੇ ਬੱਚਿਆਂ ਦਾ ਧਿਆਨ ਇਨ੍ਹਾਂ ਸਤਿਕਾਰਯੋਗ ਬੀੜਾਂ ‘ਤੇ ਪਿਆ ਤਾਂ ਉਨ੍ਹਾਂ ਨੇ ਇਥੋਂ ਦੇ ਵਸਨੀਕ ਕੇਵਲ ਸਿੰਘ ਤੇ ਸਤਨਾਮ ਸਿੰਘ ਨੂੰ ਦੱਸਿਆ ਜਿਨ੍ਹਾਂ ਨੇ ਇਹ ਸਭ ਦੇਖਦਿਆਂ ਹੋਰਨਾਂ ਨੂੰ ਦੱਸਿਆ ਤੇ ਛੱਪੜ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਂਵੇ ਸਰੂਪ ਤੇ ਹੋਰ ਧਾਰਮਿਕ ਸਮੱਗਰੀ ਕੱਢ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਲਿਆ ਕੇ ਆਦਰ ਸਾਹਿਤ ਇਨ੍ਹਾਂ ਸਰੂਪਾਂ ਦੀ ਸਾਫ ਸਫਾਈ ਕੀਤੀ। ਇਸ ਸਾਰੀ ਦਰਦਨਾਕ ਘਟਨਾ ਦਾ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਮਦਮੀ ਟਕਸਾਲ ਤੇ ਹੋਰ ਸਿੱਖ ਜਥੇਬੰਦੀਆਂ ਨੇ ਹਰਕਤ ਵਿਚ ਆਉਂਦਿਆਂ ਪਿੰਡ ਭੰਗਵਾਂ ਵਿਖੇ ਪਹੁੰਚ ਗਈਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਨੂੰ ਸੁਚਿਤ ਕੀਤਾ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਪੜਤਾਲ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਧਾਰਾ 295 ਏ, 457, 380, 34 ਆਈ ਪੀ ਸੀ ਤਹਿਤ ਮੁਕਦਮਾ ਦਰਜ ਕਰਦਿਆਂ ਇਕ ਦੋਸ਼ੀ ਪ੍ਰੀਤਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਜੰਗੀ ਪੱਧਰ ‘ਤੇ ਜਾਰੀ ਹੈ। ਯਾਦ ਰਹੇ ਕਿ ਸਿੱਖ ਜਥੇਬੰਦੀਆਂ ਦਾ ਪਿੰਡ ਭੰਗਵਾਂ ਵਿਖੇ ਭਾਰੀ ਗਿਣਤੀ ਵਿਚ ਪਹੁੰਚਣ ‘ਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲਿਸ ਵਲੋਂ ਪਿੰਡ ਭੰਗਵਾਂ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਸਮਾਚਾਰ ਨਹੀਂ