This option will reset the home page of Nava Panga Online restoring closed widgets and categories.

Reset Nava Panga Online homepage

ਨਿਊਜ਼ੀਲੈਂਡ ’ਚ ਪਹਿਲੇ ਸਿੱਖ ਖਿਡਾਰੀ ਨੇ ਥਾਂ ਬਣਾਈ

bhupinder bhinda cricket ‘ਆਕਲੈਂਡ ਕ੍ਰਿਕਟ ਟੀਮ’ ਵਿਚ ਸ. ਭੁਪਿੰਦਰ ਸਿੰਘ ਭਿੰਦਾ ਖੇਡੇ ਜਾ ਰਹੇ ਮੈਚ ਦੌਰਾਨ ਗੇਂਦ ਸੁੱਟਦੇ ਹੋਏ

ਆਕਲੈਂਡ  ਦਸੰਬਰ ( ਲਾਲੀ ਬਾਠ ਮੁਗਲ ਮਾਜਰਾ )- ਕ੍ਰਿਕਟ ਵੇਖਣ ਅਤੇ ਖੇਡਣ ਦਾ ਸ਼ੌਕ ਰੱਖਣ ਵਾਲੇ ਸਾਰੇ ਭਾਰਤੀਆਂ ਲਈ ਇਹ ਬੜੀ ਖੁਸ਼ੀ ਭਰੀ ਖਬਰ ਹੈ ਕਿ ਨਿਊਜ਼ੀਲੈਂਡ ਦੇਸ਼ ਵਿਚ ਪਹਿਲੇ ਦਰਜੇ ਦੀਆਂ ਛੇ ਟੀਮਾਂ ਵਿਚੋਂ ਇਕ ‘ਆਕਲੈਂਡ ਕ੍ਰਿਕਟ ਟੀਮ’ ਦੇ ਵਿਚ ਇਕ ਪੰਜਾਬੀ ਸਾਬਤ ਸੂਰਤ ਸਿੱਖ ਗਭਰੂ ਸ. ਭੁਪਿੰਦਰ ਸਿੰਘ ਭਿੰਦਾ ਨੇ ਜਿੱਥੇ ਸਖਤ ਮਿਹਨਤ ਬਾਅਦ ਆਪਣੀ ਪੱਕੀ ਪਹੁੰਚ ਬਣਾ ਲਈ ਹੈ ਉਥੇ ਤਾਜਾ ਖੇਡੇ ਗਏ ਪਹਿਲੇ ਦੋ ਮੈਚਾਂ ਵਿਚ ਕ੍ਰਮਵਾਰ ਦੋ ਅਤੇ ਤਿੰਨ ਵਿਕਟਾਂ ਲੈ ਕੇ ਪੂਰੀ ਟੀਮ ਅਤੇ ਕੋਚ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਛੈਲ-ਛਬੀਲੇ ਗਭਰੂ ਦਾ ਜਨਮ ਪਿੰਡ ਸੈਫ਼ਲਾਬਾਦ (ਕਪੂਰਥਲਾ) ਦਾ ਹੈ ਜਦ ਕਿ 11 ਸਾਲ ਦੀ ਉਮਰ ਤੋਂ ਬਾਅਦ ਪਾਲਣ-ਪੋਸ਼ਣ ਨਿਊਜ਼ੀਲੈਂਡ ਦਾ ਹੈ।

ਇਹ ਨੌਜਵਾਨ ਪਿਛਲੇ 7 ਸਾਲਾਂ ਤੋਂ ਇਥੇ ਦੇ ਇਕ ਕਸਬੇ ਪਾਪਾਟੋਏਟੋਏ ਦੀ ਟੀਮ ਵਿਚ ਖੇਡਦਾ ਰਿਹਾ ਹੈ ਅਤੇ ਆਪਣੀ ਮਿਹਨਤ ਦੇ ਬਲਬੂਤੇ ਉੱਤੇ ਕਦਮ-ਦਰ-ਕਦਮ ਪੁੱਟਦਾ ਆਕਲੈਂਡ ਦੀ ਟੀਮ ਅੰਦਰ ਥਾਂ ਬਣਾਉਣ ਵਿਚ ਸਫ਼ਲ ਹੋਇਆ ਹੈ। ਜਦੋਂ ਇਸ ਨੇ ਪਹਿਲੀ ਵਿਕਟ 0 ਦੌੜ ਉੱਤੇ ਅਤੇ ਦੂਜੀ 10ਵੀਂ ਦੌੜ ਉੱਤੇ ਲਈ ਤਾਂ ਵਿਰੋਧੀ ਧਿਰ ਦੇ ਖਿਡਾਰੀ ਡੌਰ-ਭੌਰ ਹੋ ਗਏ। ਇਸ ਦੇ ਕੋਚ ਮੈਟ ਹੌਰਨ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਤਾਂ ਇਸ ਦੀ ਸ਼ੁਰੂਆਤ ਹੈ ਅੱਗੇ-ਅੱਗੇ ਦੇਖੋ ਇਹ ਖਿਡਾਰੀ ਕੀ ਕਰੇਗਾ। ਇਥੇ ਦੀਆਂ ਪਹਿਲੇ ਨੰਬਰ ਦੀਆਂ ਅੰਗਰੇਜੀ ਅਖ਼ਬਾਰਾਂ ਨੇ ਭਿੰਦੇ ਦੀਆਂ ਵੱਡੀਆਂ ਤਸਵੀਰਾਂ ਸਮੇਤ ਚੱਲ ਰਹੇ ਕ੍ਰਿਕਟ ਮੈਚਾਂ ਦੀਆਂ ਖਬਰਾਂ ਛਾਪੀਆਂ ਹਨ।

ਆਫ਼ ਸਪਿੱਨਰ ਸ. ਭੁਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਆਕਲੈਂਡ ਕ੍ਰਿਕਟ ਟੀਮ ਵਿਚ ਚੋਣ ਥੋੜੇ ਜਿਹੇ ਚਿਰ ’ਚ ਮਿਲੀ ਦੂਜੀ ਵੱਡੀ ਖੁਸ਼ੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਭਰਾਤਾ ਅਤੇ ਸਥਾਨਕ ਸਿੱਖ ਆਗੂ ਸ. ਦਲਜੀਤ ਸਿੰਘ ਜੇ.ਪੀ. ਨੂੰ ਇਮੀਗ੍ਰੇਸ਼ਾਨ ਅਡਵਾਈਜਰ ਦਾ ਲਾਇਸੰਸ ਮਿਲਿਆ ਸੀ। ਭੁਪਿੰਦਰ ਸਿੰਘ ਭਿੰਦਾ ਵੱਲੋਂ ਸਾਬਤ ਸੂਰਤ ਰਹਿ ਕੇ ਗੋਰਿਆਂ ਦੀ ਟੀਮ ਵਿਚ ਸ਼ਾਮਿਲ ਹੋਣਾ ਆਉਣ ਵਾਲੀ ਸਿੱਖ ਪੀੜ੍ਹੀ ਲਈ ਉਦਾਹਰਣ ਮੰਨੀ ਜਾ ਰਹੀ ਹੈ ਅਤੇ ਉਸਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।

ਸਥਾਨਕ ਸਿੱਖ ਨੇਤਾਵਾਂ ਅਤੇ ਹੋਰ ਪਤਵੰਤੇ ਸੱਜਣਾ ਜਿਨ੍ਹਾਂ ਵਿਚ ਸ. ਮਨਪ੍ਰੀਤ ਸਿੰਘ, ਰਜਿੰਦਰ ਸਿੰਘ, ਰਣਵੀਰ ਸਿੰਘ ਲਾਲੀ, ਗੁਰਨਾਮ ਸਿੰਘ ਤੂਰ, ਤਰਸੇਮ ਸਿੰਘ ਧੀਰੋਵਾਲ, ਕਰਮਜੀਤ ਸਿੰਘ, ਕਮਲਜੀਤ ਸਿੰਘ ਬੈਨੀਪਾਲ ਅਮਰੀਕਾ ਤੋਂ, ਸ. ਹਰਦੀਪ ਸਿੰਘ ਗਿਲ ਡਿਸਕਾਊਂਟ ਬਿੱਨ ਵਾਲੇ, ਰਾਮ ਸਿੰਘ ਟੌਰੰਗਾ, ਹਰਪ੍ਰੀਤ ਸਿੰਘ ਕੰਗ, ਇੰਦਰਜੀਤ ਕਾਲਕਟ, ਵਰਿੰਦਰ ਬਰੇਲੀ, ਪੰਮੀ ਬੋਲੀਨਾ, ਗਰੁਪ੍ਰੀਤ ਗੋਪੀ ਅਤੇ ਹਰਦੇਵ ਬਰਾੜ ਆਦਿ ਨੇ ਇਸ ਪੰਜਾਬੀ ਗਭਰੂ ਨੂੰ ਪੰਜਾਬ, ਪੰਜਾਬੀਅਤ ਅਤੇ ਸਿੱਖੀ ਸਰੂਪ ਨੂੰ ਚਾਰ-ਚੰਨ ਲਾਉਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸ. ਸੰਤੋਖ ਸਿੰਘ ਵਿਰਕ, ਸ. ਦਲਜੀਤ ਸਿੰਘ, ਸ. ਉਂਕਾਰ ਸਿੰਘ ਸੋਨੀ ਅਤੇ ਸ. ਹਰਦੀਪ ਸਿੰਘ ਬਿੱਲੂ ਹੋਰਾਂ ਨੂੰ ਵਧਾਈ ਭੇਜੀ ਹੈ।

  • Share/Bookmark