This option will reset the home page of Nava Panga Online restoring closed widgets and categories.

Reset Nava Panga Online homepage

ਬੱਬੂ ਮਾਨ ਨੇ ਪਾਇਆ ਸਾਧਾਂ ਨੂੰ ਭੜਥੂ

( ਲਾਲੀ ਬਾਠ ਮੁਗਲ ਮਾਜਰਾ )

babu-mann-imaratanbabbu-maanBabbu_Maan_wallpapers_1ਹਵਾਏਂ ਫਿਲਮ ਰਾਹੀਂ ਆਪਣੇ ਦਿਲ ਵਿੱਚ ਜੂਨ 1984 ਦੇ ਸਮੋਏ ਹੋਏ ਦਰਦ ਨੂੰ ਲੋਕਾਂ ਤੱਕ ਪਹੁੰਚਾਉਣ ਵਾਲਾ ਲੋਕ ਗਾਇਕ, ਗੀਤਕਾਰ, ਨਿਰਦੇਸ਼ਕ ਬੱਬੂ ਮਾਨ (ਤਜਿੰਦਰ ਸਿੰਘ ਬੱਬੂ), ਜਿਸਨੇ ਆਪਣੀਆਂ ਕੈਸਿਟਾਂ, ਆਵਾਜ਼ ਦੇ ਜਾਦੂ ਨਾਲ ਨੌਜਵਾਨਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਉਂ ਬਣਾਈ। ਹਮੇਸ਼ਾਂ ਆਪਣੇ ਗੀਤ ਖੁੱਦ ਲਿਖ ਕੇ ਗਾਉਣਾ ਅਤੇ ਕਾਮਯਾਬੀ ਪ੍ਰਾਪਤ ਕਰਨੀ ਸ਼ਾਇਦ ਉਸਨੂੰ ਪ੍ਰਮਾਤਮਾ ਦੀ ਹੀ ਦੇਣ ਹੈ। ਅੱਜ ਇਸਨੇ ਇਹੋ ਜਿਹਾ ਸੱਚ ਗਾ ਦਿੱਤਾ ਹੈ, ਜਿਸਨੂੰ ਪਚਾਉਣਾ (ਪਾਚਣ ਕਰਨਾ) ਸ਼ਾਇਦ ਬਹੁਤਿਆਂ ਲਈ (ਖਾਸ ਕਰ ਅੱਜ ਦੇ ਨਕਲੀ, ਬਨਾਰਸ ਦੇ ਠੱਗਾਂ, ਬਾਬਿਆਂ, ਡੇਰੇਦਾਰਾਂ, ਪਖੰਡੀ ਸਾਧਾਂ) ਔਖਾ ਹੋ ਗਿਆ ਹੈ ਅਤੇ ਇਸ ਸੱਚ ਨੂੰ ਦੱਬਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਜਾ ਰਹੇ ਹਨ ਅਤੇ ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਹਜ਼ੂਰੀ ਵਿੱਚ ਵੀ ਗੁਰੂ ਦਾ ਗੱਲ ਕਰਨ ਦੀ ਥਾਂ ਆਪੋ-ਆਪਣੇ ਸਪੱਸ਼ਟੀਕਰਨ ਦੇ ਰਹੇ ਹਨ। ਪਹਿਲਾਂ ਗੱਲ ਕਰ ਲਈਏ ਉਸਨੇ ਐਸਾ ਕੀ ਗਾ ਦਿੱਤਾ ਹੈ ਕਿ ਪੰਜਾਬ ਦਾ ਡੇਰਾਵਾਦ ਹਿੱਲ ਗਿਆ ਹੈ। ਤਾਂ ਉਸ ਸਬੰਧਤ ਧਾਰਮਿਕ ਗੀਤ ਦੀਆਂ ਕੁੱਝ ਸਤਰਾਂ ਹੇਠ ਲਿਖੇ ਅਨੁਸਾਰ ਹਨ:

ਇੱਕ ਬਾਬਾ ਨਾਨਕ ਸੀ, ਜਿਹਨੇ ਤੁਰ ਕੇ ਦੁਨੀਆ ਗਾਹ ‘ਤੀ,

ਇੱਕ ਅੱਜ ਕੱਲ੍ਹ ਬਾਬੇ ਨੇ, ਬੱਤੀ ਲਾਲ ਗੱਡੀ ‘ਤੇ ਲਾਤੀ।

ਕਾਰ ਸੇਵਾ ਦੇ ਨਾਮ ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ,

ਮੈਂ ਸੁਣਿਆ ਬਾਬੇ ਨੇ ਕਾਲੀ ਔਡੀ (ਇੱਕ ਮਹਿੰਗੀ ਕਾਰ) ਲੈ ਲਈ।

ਇਹਨਾਂ ਅਨਪ੍ਹੜ ਬੀਬੀਆਂ ਨੇ, ਬੰਦੇ ਗਲ ਰੱਬ ਦੀ ਤਖਤੀ ਪਾ ‘ਤੀ।

ਬਿਨ੍ਹਾਂ ਕਿਸੇ ਦਾ ਨਾਮ ਲਿਆਂ ਸਿੱਧੀਆਂ ਭਿਉਂ ਭਿਉਂ ਕੇ ਮਾਰੀਆਂ ਨੇ ਅਖੌਤੀ ਸਾਧਾਂ/ਸੰਤਾਂ ਤੇ, ਜਿਹਨਾਂ ਨੇ ਅੱਜ ਪੰਜਾਬ ਦੇ ਲੋਕਾਂ ਦੀ ਕਿਰਤ ਕਮਾਈ ਨਾਲ ਮਹਿੰਗੀਆਂ ਗੱਡੀਆਂ, ਅਲੀਸ਼ਾਨ ਡੇਰੇ, ਕੀਮਤੀ ਪੌਸ਼ਾਕਾਂ ਖਰੀਦੀਆਂ ਨੇ। ਤੇ ਜਿਹੜੇ ਇੱਹ ਸੱਭ ਕਰਦੇ ਹਨ ਉਹੀ ਸੱਭ ਤੋਂ ਵੱਧ ਤੜਫੇ ਹਨ।

ਵੈਸੇ ਇੱਕ ਗੱਲ ਤਾਂ ਹੈ ਕਿ ਪੰਜਾਬ ਦਾ ਕਿਹੜਾ ਸੰਤ/ਬਾਬਾ/ਡੇਰੇਦਾਰ ਜਾਂ ਮਹਾਂਪੁਰਸ਼ ਕਿੰਨਾ ਮਹਾਨ ਜਾਂ ਵੱਡਾ ਹੈ, ਉਸਦੀ ਪਰਖ ਕਰਨੀ ਹੋਵੇ ਤਾਂ ਮੈਂ ਸਮਝਦਾ ਕਿ ਉਸਦਾ ਕੋਈ ਵੀ ਸਿੱਖੀ ਜਾਂ ਮਾਨਵਤਾ ਦੀ ਭਲਾਈ ਦਾ ਕੰਮ ਦੇਖਣ ਦੀ ਕੋਈ ਲੋੜ ਨਹੀਂ, ਲੋੜ ਹੈ ਤਾਂ ਬੱਸ ਇਹ ਦੇਖਣ ਦੀ ਕਿ ਉਹ ਕਿਹੜੀ ਗੱਡੀ ਵਿੱਚ ਬੈਠ ਕੇ ਆਇਆ ਹੈ। ਕਿਉਂਕਿ ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਜਿੱਡੀ ਵੱਡੀ ਗੱਡੀ, ਉਨਾਂ ਹੀ ਵੱਡਾ ਬਾਬਾ। ਸ਼ਾਬਾਸ਼ ਹੈ ਬੱਬੂ ਮਾਨ ਦੇ, ਕਿ ਉਸ ਨੇ ਉਹ ਗੱਲਾਂ ਅਤੇ ਉਹ ਸੱਚ ਅੱਜ ਮੀਡੀਏ ਰਾਹੀਂ ਆਮ ਲੋਕਾਈ ਤੱਕ ਪਹੁੰਚਾ ਦਿੱਤਾ, ਜਿਸ ਸੱਚ ਨੂੰ ਸਾਡੀ ਪੰਥਕ ਸਰਕਾਰਾਂ, ਜਥੇਦਾਰ ਸਾਹਿਬ, ਪੰਥਕ ਕਹਾਉਣ ਵਾਲੀਆਂ ਅਖੌਤੀ ਜਥੇਬੰਦੀਆਂ ਅਤੇ ਸਾਡੀਆਂ ਸੁਪਰੀਮੋ ਜਥੇਬੰਦੀਆਂ ਅੱਜ ਵੀ ਹਿੱਕ ਠੋਕ ਇਹ ਸੱਚ ਸੰਗਤਾਂ ਵਿੱਚ ਨਹੀਂ ਕਹਿ ਸਕਦੀਆਂ।

ਬੇਸ਼ੱਕ ਦਲੀਲ ਦਿੱਤੀ ਜਾ ਰਹੀ ਹੈ ਕਿ “ਉਸ ਸਮੇਂ ਬਾਬਾ ਨਾਨਕ ਵੇਲੇ ਗੱਡੀਆਂ ਨਹੀਂ ਸਨ ਅਤੇ ਸਾਰੀ ਦੁਨੀਆਂ ਤੁਰਦੀ ਸੀ ਤੇ ਬਾਬਾ ਨਾਨਕ ਵੀ ਤੁਰਿਆ ਸੀ, ਅੱਜ ਤੁਸੀਂ ਕਹਿੰਦੇ ਹੋ ਕਿ ਕਥਾ ਸੁਨਣ ਵਾਲੇ ਗੱਡੀਆਂ ਤੇ ਆਉਣ ਅਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਆਉਣ” ਬੜੀ ਹਾਸੋਹੀਣੀ ਹੈ। ਠੀਕ ਹੈ ਗੱਡੀ ਤੇ ਆਉ! ਜੀਅ ਸਦਕੇ ਆਉ! ਬਸ਼ਰਤੇ ਉਹ ਗੱਡੀ ਆਪਣੇ ਹੱਥੀ ਕਿਰਤ ਕਰਕੇ ਕੀਤੀ ਕਮਾਈ ਦੀ ਲਈ ਹੋਵੇ ਨਾ ਕਿ ਸੰਗਤ ਦੇ ਚੜਾਵੇ ਦੀ। ਨਹੀਂ ਤਾਂ ਮਿਲੀ ਖਬਰ ਮੁਤਾਬਿਕ ਸਬੰਧਿਤ ਗੱਡੀਆਂ ਦੀ ਕੀਮਤ ਲੱਖਾਂ ਹੀ ਨਹੀਂ ਕਰੋੜਾਂ ਰੁਪਿਆਂ ਤੱਕ ਪੁੱਜਦੀ ਹੈ ਜਿਹਨਾਂ ਵਿੱਚ ਬੈਠ ਕੇ ਪ੍ਰਚਾਰ ਕਰਨ ਲਈ ਆਇਆ ਜਾ ਰਿਹਾ ਹੈ, ਫਿਰ ਨੇਤਾਵਾਂ ਦੀ ਤਰ੍ਹਾਂ ਗੰਨਮੈਨ, ਆਕਸੀਜਨਾਂ ਵੀ ਇਹਨਾਂ ਅਖੌਤੀ ਬਾਬਿਆਂ ਨੇ ਨਾਲ ਹੀ ਰੱਖੀਆਂ ਹੁੰਦੀਆਂ ਕਿ ਕਿਤੇ ਕੋਈ ਸੱਚ ਦਾ ਪੁਜਾਰੀ ਅਤੇ ਸੂਰਬੀਰ, ਯੋਧਾ ਇਹਨਾਂ ਦਾ ਹੀ ਫੂਕ ਹੀ ਨਾ ਕੱਢ ਜਾਵੇ। ਕਹਿੰਦੇ ਨੇ ਗਾਇਕ ਰੋਡਾ-ਫੋਡਾ ਹੈ, ਬੇਸ਼ੱਕ ਇਸ ਗੱਲ ਨਾਲ ਕਿ ਉਹ ਪਤਿਤ ਹੈ ਮੈਂ ਵੀ ਸਹਿਮਤ ਨਹੀਂ ਹਾਂ, ਪਰ ਇਹ ਕੋਈ ਦਲੀਲ ਨਾ ਹੋਈ। ਸਿੱਖ ਸਿਧਾਂਤ ਦੀ ਉਸਨੂੰ ਸਮਝ ਆ ਰਹੀ ਹੈ, ਵਾਹਿਗੁਰੂ ਕ੍ਰਿਪਾ ਕਰੇ ਤਾਂ ਉਸ ਉੱਤੇ ਵੀ ਬਖਸ਼ਸ਼ ਹੋ ਸਕਦੀ ਹੈ, ਪਰ ਜਿਹਨਾਂ ਨੂੰ ਇਹ ਬਾਬੇ ਅੰਮ੍ਰਿਤ ਛਕਾ ਕੇ ਗਾਤਰੇ ਪਵਾਉਂਦੇ ਹਨ, ਉਹ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਭਗਤ ਬਣ ਜਾਂਦੇ ਹਨ, ਉਹਨਾਂ ਵਿੱਚੋਂ ਵੱਡੀ ਗਿਣਤੀ ਤਾਂ ਇਹਨਾਂ ਸਾਧਾਂ ਦੀ ਹੀ ਪੈਰੋਕਾਰ ਹੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਇਹਨਾਂ ਦੀ ਗੱਲ ਨੂੰ ਪਹਿਲ ਦੇਂਦੀ ਹੈ ਅਤੇ ਇਹਨਾਂ ਦੇ ਪੈਰੀਂ ਹੀ ਸਿਰ ਝੁਕਾ ਕੇ ਮੱਥੇ ਟੇਕਦੀ ਹੈ ਅਤੇ ਉਹਨਾਂ ਦੇ ਗਾਤਰੇ ਵੀ ਸਾਫ ਨਜ਼ਰ ਆ ਰਹੇ ਹੁੰਦੇ ਹਨ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਅੰਮ੍ਰਿਤਧਾਰੀ ਕੌਮ ਬਣਾਉਣੀ ਚਾਹੁੰਦੇ ਹਨ।

ਖੈਰ! ਦੂਜੀ ਖੁਸ਼ੀ ਇਸ ਗੱਲ ਦੀ ਕਿ ਇਸਨੂੰ ਸੱਭ ਤੋਂ ਵੱਧ ਨੌਜਵਾਨ ਵਰਗ ਵੱਲੋਂ ਪਸੰਦ ਕੀਤਾ ਗਿਆ, ਜਿਹਨਾਂ ਰਾਤੋਂ ਦਿਨ ਨਾ ਚੜ੍ਹਨ ਦਿੱਤਾ ਅਤੇ ਇਸ ਗੀਤ ਦੇ ਆਪੇ ਹੀ ਵੀਡੀਉ ਆਡਿਟ ਕਰਕੇ (ਜਦਕਿ ਵੀਡੀਉ ਅਜੇ ਰਿਲੀਜ਼ ਨਹੀਂ ਹੋਈ ਸੀ) ਮੋਬਾਇਲਾਂ, ਵੈੱਬ-ਸਾਈਟਾਂ ਰਾਹੀ ਪੂਰੀ ਦੁਨੀਆ ਵਿੱਚ ਪਹੁੰਚਾ ਦਿੱਤਾ। ਬੇਸ਼ੱਕ ਅੱਜ ਅਖੌਤੀ ਸੰਤ ਵਰਗ ਪਿੱਟ ਉਠਿਆ ਅਤੇ ਇਸ ਕੈਸਿਟ ਨੂੰ ਰੁਕਵਾਉਣ, ਬੰਦ ਕਰਵਾਉਣ ਅਤੇ ਪਾਬੰਦੀ ਲਾਉਣ ਲਈ ਉਤਾਵਲੇ ਹੋ ਗਏ ਅਤੇ ਆਪਣੀਆਂ ਸੰਗਤਾਂ ਰੂਪੀ ਵੋਟਾਂ ਦਾ ਡਰ ਸਰਕਾਰ ਤੇ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਗੀਤ ਉੱਤੇ ਪਾਬੰਦੀ ਲਗਾਈ ਜਾਵੇ। ਪਰ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਅੱਜ ਦਾ ਸਮਾਂ ਇਲੈਕਟ੍ਰੋਨਿਕ ਸਮਾਂ ਹੈ, ਇੱਕ ਖਬਰ ਅਨੁਸਾਰ ਤਾਂ ਇਸਨੂੰ ਬੰਦ ਕਰਵਾਉਣ ਵਾਲਿਆਂ ਦੀਆਂ ਡੀਂਗਾਂ ਮਾਰਨ ਤੋਂ ਪਹਿਲਾਂ ਹੀ ਇੰਟਰਨੈੱਟ ਤੇ 60,000 ਤੋਂ ਵੱਧ ਲੋਕ ਦੇਖ ਚੁੱਕੇ ਸਨ।

ਬੱਬੂ ਮਾਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਜ਼ਰੂਰ ਇਤਿਹਾਸ ਵਿੱਚ ਲਿਖਿਆ ਜਾਵੇਗਾ। ਠੀਕ ਹੈ ਅੱਜ ਬੱਬੂ ਮਾਨ ਸਾਬਤ-ਸੂਰਤ ਨਹੀਂ ਹੈ, ਇਹ ਦੁੱਖ ਦੀ ਗੱਲ ਹੈ, ਪਰ ਉਸ ਅੰਦਰ ਦੀ ਸਿੱਖੀ ਤੜਫ ਤੋਂ ਆਸ ਕੀਤੀ ਜਾ ਸਕਦੀ ਹੈ ਉਸਦੇ ਆਪਣੇ ਹੀ ਗਾਏ ਹੋਏ ਇਸੇ ਕੈਸਿਟ ਦੇ ਇੱਕ ਗੀਤ ਦੇ ਬੋਲਾਂ ਅਨੁਸਾਰ “ਪਹਿਲਾਂ ਕਰੋ ਪ੍ਰੈਕਟੀਕਲ ਤੇ ਪਿੱਛੋਂ ਗਿਆਨ ਕਿਤਾਬੀ।” ਅਤੇ ਪਹਿਲਾਂ ਵੀ ਗਾਏ ਹੋਏ ਸਿੱਖੀ ਨੂੰ ਸਮਰਪਤ ਗੀਤ :ਬਾਕੀ ਗੱਲਾਂ ਬਾਅਦ ‘ਚ, ਪਹਿਲਾਂ ਸਰਦਾਰ ਹਾਂ” ਅਤੇ ਹਵਾਏਂ ਫਿਲਮ ਵਿੱਚ ਵੀ ਪੱਗੜੀ ਬੰਨ ਕੇ ਸਰਦਾਰ ਦਾ ਰੋਲ ਕੀਤਾ ਸੀ ਦੇ ਅਨੁਸਾਰ ਕਿ ਉਸਨੂੰ ਸਰਦਾਰ ਦੀ ਪਰਿਭਾਸ਼ਾ ਦਾ ਗਿਆਨ ਨਾ ਹੋਵੇ? ਤਾਂ ਆਪਣੇ ਵੱਡੇ ਵੀਰ ਨੂੰ ਜ਼ਰੂਰ ਬੇਨਤੀ ਕਰੂੰ ਕੋਸ਼ਿਸ਼ ਕਰ ਵੀਰਾ! ਆਪ ਵੀ ਮੁੜ ਆ ਤਾਂ ਕਿ ਜਿਹੜੇ ਅਖੌਤੀ ਬੰਦਿਆਂ ਨੂੰ ਅੱਜ ਅੱਗ ਲੱਗੀ ਹੈ ਉਹਨਾਂ ਦਾ ਮੂੰਹ ਵੀ ਬੰਦ ਹੋ ਸਕੇ। ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਬੱਬੂ ਮਾਨ ਵਰਗੇ ਗਾਇਕ ਦੀ ਹੌਂਸਲਾ ਅਫਜ਼ਾਈ ਕਰਨ। ਬਾਕੀ ਮੈਂ ਉਸਦੀ ਗਾਇਕੀ ਨੂੰ ਪਹਿਲਾਂ ਕਦੇ ਵੀ ਪਸੰਦ ਨਹੀਂ ਕੀਤਾ ਸੀ ਪਰ ਪਿਛਲੇ ਸਮੇਂ ਦੌਰਾਨ ਆਏ ਉਸ ਵਿੱਚਲੇ ਬਦਲਾਅ ਨੇ ਮੈਨੂੰ ਵੀ ਮਜਬੂਰ ਕੀਤਾ ਕਿ ਉਸਦਾ ਪੱਖ ਪੂਰਾਂ। ਜਦ ਉਸਦੇ ਪਹਿਲੇ ਕੁੱਝ ਗੀਤ ਸੁਣੇ ਜਿਵੇਂ,

ਦਾਅਵਿਆਂ ਦੀ ਦੌੜ ‘ਚ ਪੰਜਾਬ ਪਿੱਛੇ ਰਿਹ ਗਿਆ,

ਭਗਤ ਸਿੰਘ ਆ ਗਿਆ, ਸਾਰਾਭਾ ਕਿੱਥੇ ਰਹਿ ਗਿਆ?

ਸਾਰੀ ਆਜ਼ਾਦੀ ‘ਕੱਲਾ ਗਾਂਧੀ ਤਾਂ ਨਹੀਂ ਲੈ ਗਿਆ?

ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ,

ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ?

ਅਤੇ ਹੁਣ ਵਾਲੇ ਗੀਤਾਂ ਦੀਆਂ ਕੁੱਝ ਸਤਰਾਂ ਵੀ ਪਾਠਕਾਂ ਦੇ ਧਿਆਨ ਵਿੱਚ ਲੈ ਦੇਵਾਂ ਜੋ ਬਾ-ਕਮਾਲ ਹਨ, ਜਿਵੇਂ

ੋ “ਮਰਣੋਂ ਮੂਲ ਨਾ ਡਰਦੇ, ਜਿਹੜੇ ਮੌਤ ਦੇ ਵਾਪਾਰੀ ਨੇ। ਹਿੱਕਾਂ ਤਾਣ ਕੇ ਖੜਦੇ, ਜਿਹੜੇ ਅੱਤ ਸੇ ਸ਼ਿਕਾਰੀ ਨੇ।

ੋ “ਜਿਹੜਾ ਧਰਮ ਲਈ ਮਰਦਾ ਹੈ, ਉਹਨੋਂ ਕਿਥੇ ਯਾਦ ਕੋਈ ਕਰਦਾ ਏ। ਜਿਹੜਾ ਪਾਵਰ ਵਿੱਚ ਹੁੰਦਾ ਏ, ਹਰ ਕੋਈ ਉਹਦਾ ਪਾਣੀ ਭਰਦਾ ਹੈ। ਜਿਹੜੇ ਕੌਮ ਦੇ ਹੀਰੇ ਸੀ, ਦੱਸ ਉਹ ਕਿਉਂ ਸੂਲੀ ਟੰਗੇ।“

ੋ “ਜਿਸਦੇ ਹੱਥ ਦੇ ਵਿੱਚ ਤਲਵਾਰ, ਸਿਰ ਤੇ ਕੇਸਰੀ ਦਸਤਾਰ। ਜਿਹੜਾ ਜਾਤ-ਪਾਤ ਤੋਂ ਦੂਰ, ਜਿਹਨੂੰ ਨਾਮ ਦਾ ਸਰੂਰ, ਉਹ ਵਾਹਿਗੁਰੂ ਦਾ ਖਾਲਸਾ।”

ੋ “ਹਰ ਸਾਹ ਦੇ ਨਾਲ ਸਿੰਘਾ! ਬੋਲ ਵਾਹਿਗੁਰੂ।”

ੋ “ਵਾਰ ਗਏ ਨੇ ਜੋ ਆਪਾ ਯਾਦ ਉਹਨਾਂ ਦੀ ਸੰਭਾਲੀਏ, ਉਹਨਾਂ ਸੂਰਬੀਰਾਂ ਦੇ ਸਥਾਨ ਆ ਜਾਉ ਭਾਲੀਏ।

ੋ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਿੱਚ ਵੀ ਕਮਾਲ ਕੀਤੀ ਹੈ।

ਸੱਚ ਲਿਖਿਆ ਈ ਵੱਡਿਆ ਵੀਰਾ, ਪਰ ਆਸ ਕਰਦਾਂ ਜੋ ਕਹਿੰਦਾ ਹੈਂ ਉਹ ਕਰ ਕੇ ਵਿਖਾਜਾ। ਨਾਲ ਹੀ ਇੱਕ ਬੇਨਤੀ ਵੀਰ ਨੂੰ ਕਰਾਂਗਾ ਕਿ ਇਹ ਅਖੌਤੀ ਬਾਬੇ ਵੀ ਸੰਗਤਾਂ ਨੂੰ ਮਿੱਠੀਆਂ-2 ਗੱਲਾਂ ਕਰਕੇ, ਸਿੱਖ ਇਤਿਹਾਸ ਸੁਣਾ ਕੇ ਮਾਨਸਕਿ ਰੂਪ ਵਿੱਚ ਬਲੈਕ ਮੇਲ ਕਰਕੇ ਆਪਣੇ ਜਾਲ ਵਿੱਚ ਫਸਾ ਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਪਰ ਤੇਰੇ ਤੋਂ ਇਹ ਆਸ ਕਰਦੇ ਹਾਂ, ਕਿ ਜੋ ਤੂੰ ਗਾਇਆ ਹੈ, ਉਸ ਸੱਚ ਹੈ ਅਤੇ ਇਸ ਸੱਚ ਤੇ ਪਹਿਰਾ ਵੀ ਦੇਵੇਂਗਾ ਨਹੀਂ ਤਾਂ ਬਾਬਿਆਂ ਅਤੇ ਤੇਰੇ ਵਿੱਚ ਵੀ ਕੋਈ ਫਰਕ ਨਹੀਂ ਰਹਿ ਜਾਣਾ।

Share and Enjoy

  • Share/Bookmark