ਡੱਟ ਕੇ ਹਮਾਇਤ ਕਰਾਂਗੇ : ਅਮਰਿੰਦਰ
ਪੰਜਾਬ ਭਰ ਦੇ ਦੌਰਿਆਂ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੇਂ ਬਣੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ‘ਚ ਸਾਬਕਾ ਸੰਸਦੀ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਿੱਖ ਮਰਿਆਦਾ ਦਾ ਪਾਲਣ ਕਰਨ ਵਾਲੇ ਕਿਸੇ ਵੀ ਪੰਥ ਹਿਤੈਸ਼ੀ ਪਾਰਟੀ ਦਾ ਕਾਂਗਰਸ ਵੱਲੋਂ ਡੱਟ ਕੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੱਤਾ ਦੇ ਨਸ਼ੇ ‘ਚ ਅੰਨ੍ਹੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਰੱਖਣ ਦੀ ਬਜਾਏ ਕਾਂਗਰਸ ਪਾਰਟੀ ਦੇ ਵੋਟਰਾਂ ‘ਤੇ ਹਮਾਇਤਾਂ ‘ਤੇ ਤਸ਼ੱਦਦ ਕਰਨ ਦੀ ਬਜਾਏ ਹੋਰ ਕੁੱਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਪੂਰੀ ਤਰਾਂ ਨਾਲ ਇੱਕ ਜੁੱਟ ਹੈ ਅਤੇ ਇਸ ਸਰਕਾਰ ਨੂੰ ਚੱਲਦਿਆਂ ਕਰਨ ਲਈ ਲੋਕ ਵੀ ਕਾਹਲੇ ਪੈ ਗਏ ਹਨ। ਉਨ੍ਹਾਂ ਲੁਧਿਆਣਾ ‘ਚ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ‘ਚ 10 ਲੱਖ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ ਅਤੇ ਜੇਕਰ ਇਹ ਸੁਰੱਖਿਆ ਕਾਰਨ ਹਿਜਰਤ ਕਰ ਗਏ ਤਾਂ ਪੰਜਾਬ ‘ਚ ਕਿਰਸਾਨੀ ਅਤੇ ਉਦਯੋਗ ਬੁਰੀ ਤਰਾਂ ਨਾਲ ਪ੍ਰਭਾਵਤ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰਿਆਂ ਨੂੰ ਪੰਜਾਬ ਭਰ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਇਸ ਸਰਕਾਰ ਦੀ ਪਤਨ ਦੀ ਨਿਸ਼ਾਨੀ ਹੈ। ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਇਹ ਅਖੌਤੀ ਅਕਾਲੀ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਨੂੰ ਫਰਾਂਸ ਵਰਗੇ ਦੇਸ਼ਾਂ ‘ਚ ਪੱਗੜੀ ਵਰਗੇ ਮੁੱਦੇ ਯਾਦ ਆ ਜਾਂਦੇ ਹਨ, ਪਰ ਹੁਣ ਸਦਨ ‘ਚ ਹੀ ਪੱਗ ਦਾ ਅਪਮਾਨ ਕਰਕੇ ਅਕਾਲੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਸਿਰਫ ਆਪਣੀ ਹੌਂਦ ਨੂੰ ਬਚਾਉਣ ਲਈ ਹੀ ਸੱਤਾ ਤੋਂ ਬਾਹਰ ਹੁੰਦਿਆਂ ਪਗੜੀ ਵਰਗੇ ਮੁੱਦੇ ਉਠਾ ਕੇ ਸਿਆਸੀ ਰੋਟੀਆਂ ਸੇਕਦੇ ਹਨ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦਾ ਡੇਰਾ ਬਾਬਾ ਨਾਨਕ, ਕਲਾਨੌਰ ਇਲਾਕੇ ਦੇ ਕਾਂਗਰਸੀ ਵਰਕਰਾਂ ਵੱਲੋਂ ਵੀ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਰਾਣਾ ਗੁਰਜੀਤ ਸਿੰਘ,ਜਗਤਾਰ ਸਿੰਘ ਰਾਜਲਾ ,ਹਰਪ੍ਰਤਾਪ ਸਿੰਘ ਅਜਨਾਲਾ, ਅਰਵਿੰਦ ਖੰਨਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੰਤੋਖ ਸਿੰਘ ਰੰਧਾਵਾ, ਕੰਵਲਜੀਤ ਸਿੰਘ ਲਾਲੀ, ਅਸ਼ਵਨੀ ਸੇਖੜੀ, ਸਵਿੰਦਰ ਸਿੰਘ ਕੱਥੂਨੰਗਲ, ਮੇਜਰ ਅਮਰਦੀਪ ਸਿੰਘ ਮਾਨੇਪੁਰ, ਭਗਵੰਤ ਸੱਚਰ, ਹਰਮਿੰਦਰ ਸਿੰਘ ਗਿੱਲ, ਹਰਭਜਨ ਚੀਮਾ ਰੱਤੜ ਛੱਤੜ, ਭਿੱਲਾ ਕੋਟਲੀ, ਭੁਪਿੰਦਰ ਸਿੰਘ ਰੰਧਾਵਾ, ਗੋਲਡੀ ਭੰਮਰਾ, ਜਸਦੀਪ ਸਿੰਘ ਠੇਠਰਕੇ, ਅਮਰਜੀਤ ਸਿੰਘ ਖੁੱਲਰ, ਬਿਕਰਮਜੀਤ ਸਿੰਘ ਆੜਤੀ, ਜਗਤਾਰ ਸਿੰਘ ਗੋਸਲ, ਰਵੇਲ ਸਿੰਘ ਪਿੰਡੀਆਂ, ਭਗਵਾਨ ਸਿੰਘ ਬਰੀਲਾ, ਰਜਿੰਦਰ ਸਿੰਘ ਅਠਵਾਲ, ਗੁਰਵਿੰਦਰ ਸਿੰਘ ਸਮਰਾ ਆਦਿ ਹਾਜ਼ਰ ਸਨ। ਸਾਬਕਾ ਮੁੱਖ ਮੰਤਰੀ ਨੇ ਗੁਰਦਾਸਪੁਰ ‘ਚ ਵੀ ਰੈਲੀ ਨੂੰ ਸੰਬੋਧਨ ਕੀਤਾ।