ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਸੰਨ੍ਹ, ਸਰਕਾਰੀ ਡਿਨਰ ‘ਚ ਘੁਸਪੈਠ
ਵਾਸ਼ਿੰਗਟਨ, ਨਵੰਬਰ: ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਸੀਕਰੇਟ ਸਰਵਿਸ ਏਜੰਟ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਨਮਾਨ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦਿੱਤੇ ਗਏ ਸਰਕਾਰੀ ਡਿਨਰ ਵਿਚ ਬਿਨਾਂ ਸੱਦਾ ਦਿੱਤੇ ਹੀ ਉਤਰੀ ਵਰਜੀਨੀਆ ਦੇ ਰਿਆਲਟੀ ਟੀ.ਵੀ. ਸ਼ੋਅ ਕਲਾਕਾਰ ਤਾਰਿਕ ਅਤੇ ਮਿਚੇਲ ਸਲਾਹੀ ਕਿਵੇਂ ਸ਼ਾਮਲ ਹੋ ਗਏ। ਅਮਰੀਕੀ
ਅਖਬਾਰ ਵਾਸ਼ਿੰਗਟਨ ਪੋਸਟ ਨੇ ਰਾਸ਼ਟਰਪਤੀ ਦਫ਼ਤਰ ਦੇ ਕੁੱਝ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਤਾਰਿਕ ਅਤੇ ਮਿਚੇਲ ਸਲਾਹੀ ਨੂੰ ਮੰਗਲਵਾਰ ਨੂੰ ਹੋਏ ਇਸ ਸ਼ਾਨਦਾਰ ਸਰਕਾਰੀ ਡਿਨਰ ਵਿਚ ਸੱਦਾ ਨਹੀਂ ਦਿੱਤਾ ਗਿਆ ਸੀ ਅਤੇ ਨਾ ਹੀ ਇਹ ਲੋਕ ਅਧਿਕਾਰਤ ਮਹਿਮਾਨਾਂ ਦੀ ਸੂਚੀ ਵਿਚ ਸ਼ਾਮਲ ਸਨ, ਪਰ ਫਿਰ ਵੀ ਇਹ ਦੋਵੇਂ ਅਮਰੀਕੀ ਸੁਰੱਖਿਆ ਵਿਵਸਥਾ ਨੂੰ ਛਿੱਕੇ ਟੰਗ ਕੇ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਏ। ਹਾਲਾਂਕਿ ਡਿਨਰ ਦੇ ਆਯੋਜਨ ਵਾਲੀ ਥਾਂ ਸਾਊਥ ਲਾਨ ਵਿਚ ਇਹ ਲੋਕ ਕਿਸੇ ਟੇਬਲ ‘ਤੇ ਨਹੀਂ ਬੈਠੇ। ਇਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਦੇਖਿਆ ਗਿਆ ਅਤੇ ਬਾਅਦ ਵਿਚ ਇਨ੍ਹਾਂ ਲੋਕਾਂ ਨੇ ਸੋਸ਼ਲ ਨੈਟਵਰਕਿੰਗ ਵੈੱਬਸਾਈਟ ਫ਼ੇਸਬੁੱਕ ‘ਤੇ ਇਸ ਪ੍ਰੋਗਰਾਮ ਨਾਲ ਜੁੜੀਆਂ ਆਪਣੀਆਂ ਤਸਵੀਰਾਂ ਮੇਲ ਕੀਤੀਆਂ। ਇਨ੍ਹਾਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਦੋਵੇਂ ਲੋਕ ਡਿਨਰ ਵਿਚ ਸ਼ਾਮਲ ਹੋਏ ਸਨ।ਇਸ ਦੌਰਾਨ ਸੀਕਰੇਟ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਕਿਸੇ ਨੂੰ ਵੀ ਖਤਰਾ ਜਾਂ ਧਮਕੀ ਨਹੀਂ ਮਿਲੀ ਹੈ ਅਤੇ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।