ਪ੍ਰਸਿੱਧ ਅਭਿਨੇਤਾ ਪੈਟ੍ਰਿਕ ਸਵਾਜੇ ਦਾ ਦਿਹਾਂਤ
ਲਾਸ ਏਂਜਲਸ, 15 ਸਤੰਬਰ – ਡਰਟੀ ਡਾਂਸਿੰਗ ਦੇ ਨਾਲ ਆਪਣੇ ਚਹੇਤਿਆਂ ਦੇ ਦਿਲਾਂ ਵਿੱਚ ਘੁਸਪੈਠ ਕਰਨ ਵਾਲੇ ਬਿੰਦਾਸ ਹਾਲੀਵੁਡ ਅਭਿਨੇਤਾ ਪੈਟ੍ਰਿਕ ਸਵਾਜੇ ਦਾ ਅੱਜ ਦਿਹਾਂਤ ਹੋ ਗਿਆ। ਉਹ ਕੈਂਸਰ ਨਾਲ ਜੂਝ ਰਹੇ ਸਨ। ਉਹਨਾਂ ਦੇ ਪ੍ਰਚਾਰ ਦਾ ਕੰਮ ਦੇਖਣ ਵਾਲੀ ਏਨੇਟ ਵੁਲਫ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪੈਟ੍ਰਿਕ ਸਵਾਜੇ ਪਿਛਲੇ 20 ਮਹੀਨੇ ਤੋਂ ਆਪਣੀ ਬਿਮਾਰੀ ਦੀ ਚੁਣੌਤੀ ਦਾ ਸਾਮ੍ਹਣਾ ਕਰਦਿਆਂ ਅੱਜ ਸ਼ਾਂਤੀਪੂਰਨ ਤਰੀਕੇ ਨਾਲ ਚਲੇ ਗਏ। ਆਖਰੀ ਸਮੇਂ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਦੇ ਆਲੇ ਦੁਆਲੇ ਸੀ। ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਸਵਾਜੇ ਦੇ ਚਾਹੁਣ ਵਾਲਿਆਂ ਨੂੰ ਮਾਰਚ 2008 ਵਿੱਚ ਇਹ ਜਾਣ ਕੇ ਕਰਾਰਾ ਝਟਕਾ ਲੱਗਿਆ ਸੀ ਕਿ ਉਹਨਾਂ ਦਾ ਚਹੇਤਾ ਅਭਿਨੇਤਾ ਕੈਂਸਰ ਨਾਲ ਜੂਝ ਰਿਹਾ ਹੈ। ਬਿਮਾਰੀ ਦਾ ਪਤਾ ਲੱਗਣ ਦੇ ਬਾਜਵੂਦ ਸਵਾਜੇ ਨੇ ਕੰਮਕਾਜ ਜਾਰੀ ਰੱਖਿਆ, ਆਪਣੀ ਪਤਨੀ ਦੇ ਨਾਲ ਮਿਲ ਕੇ ਆਪਣੀਆਂ ਯਾਦਗਾਰਾਂ ਲਿਖੀਆਂ ਅਤੇ ‘ਦੀ ਬੀਸਟ’ ਦੀ ਸ਼ੂਟਿੰਗ ਕੀਤੀ। ਇਸ ਦੇ ਲਈ ਪਾਇਲਟ ਪ੍ਰੋਜੈਕਟ ਉਹ ਪਹਿਲਾਂ ਹੀ ਤਿਆਰ
ਕਰ ਚੁੱਕੇ ਸਨ। ਸਾਲ 2009 ਵਿੱਚ ਜਦੋਂ ‘ਦੀ ਬੀਸਟ’ ਲੜੀ ਦਾ ਕੇਬਲ ਟੈਲੀਵਿਜਨ ਤੇ ਪ੍ਰਸਾਰਨ ਹੋਇਆ ਤਾਂ ਇਸ ਦੇ 10 ਲੱਖ 30 ਹਜਾਰ ਦਰਸ਼ਕ ਸਨ ਪਰ ਏ ਐਂਡ ਈ ਕੰਪਨੀ ਨੇ ਦੱਸਿਆ ਕਿ ਉਹਨਾਂ ਨੇ ਇਸ ਦਾ ਦੁਬਾਰਾ ਪ੍ਰਸਾਰਨ ਨਾ ਕਰਵਾਉਣ ਦਾ ਫੈਸਲਾ ਕੀਤਾ ਸੀ। ਸਵਾਜੇ ਨੇ ਕਿਹਾ ਸੀ ਕਿ ਉਹਨਾਂ ਨੇ ‘ਦੀ ਬੀਸਟ ਦੀ ਸ਼ੂਟਿੰਗ ਦੇ ਦੌਰਾਨ ਦਰਦਨਾਸ਼ਕ ਦਵਾਈਆਂ ਨਾ ਲੈਣ ਦਾ ਫੈਸਲਾ ਕੀਤਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਇਸ ਨਾਲ ਉਹਨਾਂ ਦੇ ਕੰਮ ਤੇ ਅਸਰ ਪਵੇਗਾ।
ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਜਦੋਂ ਸਵਾਜੇ ਪਹਿਲੀ ਵਾਰ ਜਨਤਾ ਦੇ ਵਿਚਾਲੇ ਗਏ ਤਾਂ ਕੁੱਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੀ ਜਿੰਦਗੀ ਦੇ ਕੁੱਝ ਹਫਤੇ ਬਚੇ ਹਨ ਪਰ ਉਹਨਾਂ ਦੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸਥਿਤੀ ਕਾਫੀ ਆਸ਼ਾਜਨਕ ਹੈ। ਸਾਲ 2009 ਦੀ ਸ਼ੁਰੂਆਤ ਵਿੱਚ ਸਵਾਜੇ ਨੇ ਏ ਬੀ ਸੀ ਦੀ ਬਾਰਬਰਾ ਵਾਲਟਰਸ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਮੈਂ ਕਹਾਂਗਾ ਕਿ ਪੰਜ ਸਾਲ ਦੀ ਮੇਰੀ ਇੱਛਾ ਹੈ। ਦੋ ਸਾਲ ਕਹੀਏ ਤਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਡਾਕਟਰਾਂ ਦੀ ਗੱਲ ਤੇ ਯਕੀਨ ਕਰ ਰਹੇ ਹੋ। ਮੈਂ ਉਦੋਂ ਤੱਕ ਜਿਊਣਾ ਚਾਹੁੰਦਾ ਹਾਂ ਜਦੋਂ ਤੱਕ ਡਾਕਟਰ ਉਸ ਦਾ ਕੋਈ ਇਲਾਜ ਨਹੀਂ ਲੱਭ ਲੈਂਦੇ। ਤਿੰਨ ਵਾਰ ਗੋਲਡਨ ਗਲੋਬ ਪੁਰਸਕਾਰ ਦੇ ਲਈ ਨਾਮਜਦ ਹੋਣ ਵਾਲੇ ਅਭਿਨੇਤਾ ਸਵਾਜੇ ਨੇ ਡਰਟੀ ਡਾਸਿੰਗ ਵਿੱਚ ਵਿਗੜੈਲ ਲੜਕੇ ਜਾਨੀ ਕਾਸਲ ਦੇ ਰੂਪ ਵਿੱਚ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।