ਝੀਂਡਾ ਅਕਾਲ ਤਖ਼ਤ ਸਾਹਿਬ ‘ਤੇ ਤਲਬ
=
ਅੰਮ੍ਰਿਤਸਰ, 14 ਸਤੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁਰਕਸ਼ੇਤਰ ਵਿਖੇ ਗੁਰਦਵਾਰਾ ਪਾਤਸ਼ਾਹੀ ਛੇਵੀਂ ਉਪਰ ਸ਼੍ਰੋਮਣੀ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਗਰੁੱਪ ਦੇ ਮੈਂਬਰਾਂ ਅਤੇ ਹਰਿਆਣਾ ਦੇ ਕੁੱਝ ਸਿੱਖਾਂ ਵਲੋਂ ਕੁੱਝ ਘੰਟੇ ਕੀਤੇ ਕਬਜ਼ੇ ਕਰ ਕੇ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਪੰਜ ਸਾਥੀਆਂ ਨੂੰ 19 ਸਤੰਬਰ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜਥੇਦਾਰ
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਸ. ਝੀਂਡਾ ਉਦੋਂ ਤੱਕ ਅੰਦਰ ਰਹੇ ਤਾਂ ਉਹ ਅਗਲੀਆਂ ਤਰੀਕਾਂ ‘ਤੇ ਪੇਸ਼ ਹੋ ਸਕਦਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿਚ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਰਾਮਗੜ੍ਹ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਸ਼ਾਮਲ ਹੋਏ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਯੂ.ਪੀ. ਵਿਖੇ ਇਕ ਸਮਾਗਮਵਿਚ ਸ਼ਾਮਲ ਹੋਣ ਕਰਕੇ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਨੇ ਸਿੰਘ ਸਾਹਿਬਾਨ ਵਲੋਂ ਲਏ ਇਸ ਫ਼ੈਸਲੇ ‘ਤੇ ਸਹਿਮਤੀ ਦੇ ਦਿੱਤੀ। ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਜੋ ਹਰਿਆਣਾ ਵਿਚ ਰਹਿੰਦੇ ਹਨ, ਨੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿਖੇ ਸਾਥੀਆਂ ਸਮੇਤ ਕੁੱਝ ਘੰਟਿਆਂ ਲਈ ਕਬਜ਼ਾ ਕਰ ਕੇ ਤਾਬਿਆ ‘ਤੇ ਬੈਠੇ ਗ੍ਰੰਥੀ ਸਿੰਘ ਨੂੰ ਉਠਾ ਦਿੱਤਾ ਜੋ ਕਿ ਮਰਿਆਦਾ ਦੇ ਉਲਟ ਹੈ। ਜੇਕਰ ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਮੈਂਬਰ ਸ਼੍ਰੋਮਣੀ ਕਮੇਟੀ ਇਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਦਾ ਘਾਣ ਕਰਨਗੇ ਤਾਂ ਹੋਰ ਕਿਸੇ ਨੂੰ ਕੀ ਰੋਕ ਸਕਦੇ ਹਾਂ। ਇਸ ਲਈ ਗਿਆਨੀ ਗੁਰਬਚਨ ਸਿੰਘ ਨੇ ਹੁਕਮ ਦਿੱਤਾ ਹੈ ਕਿ ਜਗਦੀਸ਼ ਸਿੰਘ ਝੀਂਡਾ, ਕਰਮਜੀਤ ਸਿੰਘ, ਅਵਤਾਰ ਸਿੰਘ ਚੁਕ ਜੋਗਾ ਸਿੰਘ ਯਮਨਾ ਨਗਰ, ਹਜ਼ੂਰ ਸਿੰਘ ਅਤੇ ਬੀਬੀ ਰਵਿੰਦਰ ਕੌਰ, ਨੂੰ 19 ਸਤੰਬਰ ਵਾਲੇ ਦਿਨ ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋਣ ਲਈ ਕਿਹਾ ਹੈ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਜਗਦੀਸ਼ ਸਿੰਘ ਝੀਂਡਾ ਤੇ ਉਸ ਦੇ ਸਾਥੀ ਪੁਲਿਸ ਹਿਰਾਸਤ ਵਿਚ ਹੋਏ ਤਾਂ ਉਹ ਬਾਅਦ ਵਿਚ ਪੇਸ਼ ਹੋ ਸਕਦੇ ਹਨ। ਜਦੋਂ ਇਕ ਪੱਤਰਕਾਰ ਨੇ ਜਥੇਦਾਰ ਨੂੰ ਕਿਹਾ ਕਿ ਵਿਦੇਸ਼ਾਂ ਵਿਚ ਜਾ ਕੇ ਲੋਕਲ ਗੁਰਦੁਆਰਿਆਂ ਵਿਚ ਗ੍ਰੰਥੀ ਮੋਟੀਆਂ ਰਕਮਾਂ ਲੈ ਕੇ ਤਿੰਨ ਲਾਵਾਂ ਫੇਰੇ ਕਰਕੇ ਵਿਆਹ ਕਰੀ ਜਾ ਰਹੇ ਹਨ ਤਾਂ ਜਥੇਦਾਰ ਨੇ ਗ੍ਰੰਥੀ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਜਿਨ੍ਹਾਂ ਚਿਰ ਲੜਕੀ ਤੇ ਲੜਕੇ ਦੇ ਮਾਤਾ ਪਿਤਾ ਹਾਜ਼ਰ ਨਾ ਹੋਣ ਵਿਆਹ ਨਾ ਕੀਤਾ ਜਾਵੇ। ਜਦੋਂ ਜਥੇਦਾਰ ਨੂੰ ਪੁੱਛਿਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸੌਦਾ ਸਾਧ ਦੇ ਪ੍ਰੇਮੀਆਂ ਦੀ ਸਰਗਰਮੀਆਂ ਵੱਧ ਗਈਆਂ ਹਨ ਬਠਿੰਡਾ ਵਿਚ ਪ੍ਰੇਮੀ ਪਿੰਡ ਪਿੰਡ ਨਾਮ ਚਰਚਾ ਕਰ ਰਹੇ ਹਨ ਜਿਨ੍ਹਾਂ ਨੂੰ ਅਕਾਲੀ ਸਰਕਾਰ ਦੀ ਪੁਲਿਸ ਸੁਰੱਖਿਆ ਦੇ ਰਹੀ ਹੈ।ਪੱਤਰਕਾਰ ਨੇ ਜਦੋਂ ਜਥੇਦਾਰ ਅਕਾਲ ਤਖਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਦੀ ਅਕਾਲ ਤਖਤ ਸਾਹਿਬ ਪੁੱਜੀ ਸ਼ਿਕਾਇਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਅਜੇ ਵਿਚਾਰਾਂ ਨਹੀਂ ਕੀਤੀਆਂ ।